ਆਜੜੀ ਕੋਮਲਦੀਪ ਨੇ ਯੂਜੀਸੀ ਨੈੱਟ ਪਾਸ ਕੀਤੀ
ਜੋਗਿੰਦਰ ਸਿੰਘ ਮਾਨ
ਬੱਕਰੀਆਂ ਚਾਰਨ ਵਾਲੇ ਮਜ਼ਦੂਰ ਪਰਿਵਾਰ ਦੇ ਮੁੰਡੇ ਨੇੇ ਯੂਜੀਸੀ ਨੈੱਟ ਪਾਸ ਕਰ ਲਈ। ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਵਾਸੀ ਮਜ਼ਦੂਰ ਪਰਿਵਾਰ ਦੇ ਨੌਜਵਾਨ ਕੋਮਲਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪਿਛਲੇ ਦਿਨੀਂ ਹੋਈ ਯੂਜੀਸੀ ਨੈੱਟ ਵਿੱਚੋਂ 140ਵਾਂ ਅੰਕ ਹਾਸਲ ਕੀਤਾ ਹੈ। ਉਸ ਨੇ ਬਿਨਾਂ ਕਿਸੇ ਕੋਚਿੰਗ, ਬਿਨਾਂ ਕਿਸੇ ਵੱਡੀ ਤਿਆਰੀ ਦੇ ਮੋਬਾਈਲ ਨੈੱਟ ਦਾ ਸਹਾਰਾ ਲੈ ਕੇ ਇਹ ਪ੍ਰੀਖਿਆ ਦਿੱਤੀ। ਉਹ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਪਾਣੀ ਕੱਢਣ ਲਈ ਬੱਕਰੀਆਂ ਪਾਲਦਾ ਹੈ। ਪੜ੍ਹਦਾ ਵੀ ਰਹਿੰਦਾ ਹੈ ਅਤੇ ਖੇਤਾਂ ਦੇ ਆਲੇ-ਦੁਆਲੇ ਅਤੇ ਸੜਕਾਂ ਦੇ ਕਿਨਾਰੇ ਬੱਕਰੀਆਂ ਵੀ ਚਾਰਦਾ ਹੈ। ਕੋਮਲਦੀਪ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਭੱਠਾ ਮਜ਼ਦੂਰ ਹਨ ਅਤੇ ਮਾਤਾ ਲਖਮੀਰ ਕੌਰ ਸਿਲਾਈ ਕਰਦੀ ਹੈ। ਉਸ ਨੇ ਬੀਏ ਗੁਰੂ ਤੇਗ ਬਹਾਦਰ ਐਜੂਕੇਸ਼ਨ ਕਾਲਜ, ਦਲੇਲਵਾਲਾ ਅਤੇ ਐੱਮਏ (ਅੰਗਰੇਜ਼ੀ) ਰੋਇਲ ਕਾਲਜ ਬੋੜਾਵਾਲ (ਮਾਨਸਾ) ਤੋਂ ਕੀਤੀ ਹੈ। ਅੰਗਰੇਜ਼ੀ ਭਾਸ਼ਾ ਨਾਲ ਕੋਮਲਦੀਪ ਨੂੰ ਡਾਢਾ ਪਿਆਰ ਹੈ। ਅੰਗਰੇਜ਼ੀ ਨਾਲ ਹੀ ਉਸ ਨੇ ਆਪਣੀ ਪਹਿਲਾਂ ਦੀ ਪੜ੍ਹਾਈ ਅਤੇ ਅਗਲੇਰੀ ਪੜ੍ਹਾਈ ਪੀਐੱਚਡੀ ਕਰਨ ਦੀ ਇੱਛਾ ਜਾਹਿਰ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਪੀਐੱਚਡੀ ਕਰਕੇ ਗੁਰਬਤ ਵਿੱਚ ਪੜ੍ਹ ਰਹੇ ਹੁਸ਼ਿਆਰ ਅਤੇ ਹੁਨਰਮੰਦ ਬੱਚਿਆਂ ਦੀ ਪੜ੍ਹਾਈ ਵਿੱਚ ਮੱਦਦ ਕਰੇਗਾ। ਮਾਪੇ ਉਸ ਦੀ ਪੜ੍ਹਾਈ ਤੋਂ ਅਣਜਾਣ ਹਨ ਪਰ ਇਸ ਪ੍ਰਾਪਤੀ ’ਤੇ ਫ਼ਖ਼ਰ ਮਹਿਸੂਸ ਕਰ ਰਹੇ ਹਨ।