ਹਵਾਈ ਅੱਡਾ: ਹੋਂਦ ਬਚਾਉਣ ਲਈ ਸੰਸਦ ਮੈਂਬਰ ਨੂੰ ਮਿਲੇ ਐਤੀਆਣਾ ਵਾਸੀ
ਸੰਤੋਖ ਗਿੱਲ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਲਈ 162 ਏਕੜ ਜ਼ਮੀਨ ਦੇਣ ਵਾਲੇ ਪਿੰਡ ਦਾ ਨਾਮੋ-ਨਿਸ਼ਾਨ ਮਿਟ ਜਾਣ ਦੇ ਖ਼ੌਫ਼ ਵਿੱਚ ਜੀਅ ਰਹੇ ਪਿੰਡ ਐਤੀਆਣਾ ਦੇ ਲੋਕ ਅੱਕੀਂ-ਪਲਾਹੀਂ ਹੱਥ ਮਾਰਨ ਲਈ ਮਜਬੂਰ ਹਨ। ਮੰਤਰੀਆਂ, ਵਿਧਾਇਕਾਂ, ਲੋਕ ਸਭਾ ਮੈਂਬਰਾਂ ਸਣੇ ਮੁੱਖ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਦੇਣ ਤੋਂ ਬਾਅਦ ਹੁਣ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਜ਼ਿਲ੍ਹਾ ਸ਼ਹਿਰੀ ਹਵਾਬਾਜ਼ੀ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਨੂੰ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਪਿੰਡ ਐਤੀਆਣਾ ਦੀ ਪੰਚਾਇਤ ਵੱਲੋਂ ਮੰਗ-ਪੱਤਰ ਦੇ ਕੇ ਹਵਾਈ ਅੱਡੇ ਦੇ ਨਾਮ ਵਿੱਚ ਐਤੀਆਣਾ ਦਾ ਨਾਮ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਡਾ. ਅਮਰ ਸਿੰਘ ਨੇ ਉਸੇ ਸਮੇਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਐਤੀਆਣਾ ਦੇ ਲੋਕਾਂ ਦੀ ਮੰਗ ਪ੍ਰਵਾਨ ਕਰਨ ਦੀ ਅਪੀਲ ਕੀਤੀ। ਐਤੀਆਣਾ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਦਲਜੀਤ ਸਿੰਘ, ਸਾਬਕਾ ਪੰਚ ਜਗਦੀਪ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਨੇ ਡਾ. ਅਮਰ ਸਿੰਘ ਨੂੰ ਮੰਗ-ਪੱਤਰ ਸੌਂਪਣ ਸਮੇਂ ਕਿਹਾ ਕਿ ਹਵਾਈ ਅੱਡੇ ਦਾ ਸਿਵਲ ਟਰਮੀਨਲ ਬਣਾਉਣ ਲਈ ਸਾਰੀ ਜ਼ਮੀਨ ਤਾਂ ਪਿੰਡ ਐਤੀਆਣਾ ਦੇ ਲੋਕਾਂ ਵੱਲੋਂ ਦਿੱਤੀ ਗਈ ਹੈ ਅਤੇ ਹਵਾਈ ਅੱਡੇ ਨੂੰ ਜੋੜਦੀਆਂ ਸੜਕਾਂ ਕੱਢਣ ਲਈ ਵੀ ਸੈਂਕੜੇ ਏਕੜ ਹੋਰ ਜ਼ਮੀਨ ਸਰਕਾਰ ਵੱਲੋਂ ਗ੍ਰਹਿਣ ਕੀਤੀ ਜਾਣੀ ਹੈ। ਇਸ ਤਰ੍ਹਾਂ ਪਿੰਡ ਐਤੀਆਣਾ ਦਾ ਵਜੂਦ ਹੀ ਹਵਾਈ ਅੱਡੇ ਵੱਲੋਂ ਨਿਗਲ ਲਿਆ ਜਾਣਾ ਹੈ। ਪਿੰਡ ਵਾਸੀਆਂ ਨੇ ਐਤੀਆਣਾ ਦਾ ਨਾਮ ਬਚਾਉਣ ਲਈ ਲੋਕ ਸਭਾ ਮੈਂਬਰ ਨੂੰ ਅਪੀਲ ਕੀਤੀ ਹੈ।