ਏਅਰਫੀਲਡ ਜ਼ਮੀਨ ਮਾਮਲਾ: ਮਾਂ-ਪੁੱਤ ਖ਼ਿਲਾਫ਼ ਧੋਖਾਧੜੀ ਦਾ ਕੇਸ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 29 ਜੂਨ
ਜ਼ਿਲ੍ਹੇ ਦੇ ਪਿੰਡ ਫੱਤੂਵਾਲਾ ਵਿੱਚ ਸਥਿਤ ਭਾਰਤੀ ਹਵਾਈ ਸੈਨਾ ਦੀ ਏਅਰਫੀਲਡ ਦੀ 118 ਕਨਾਲ 16 ਮਰਲੇ ਜ਼ਮੀਨ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਦੇ ਮਾਮਲੇ ਵਿੱਚ ਕੁਲਗੜੀ ਪੁਲੀਸ ਨੇ ਦਿੱਲੀ ਨਿਵਾਸੀ ਨਵੀਨ ਚੰਦ ਆਂਸਲ ਅਤੇ ਉਸ ਦੀ ਮਾਂ ਊਸ਼ਾ ਆਂਸਲ (ਜਿਨ੍ਹਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ) ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ’ਚ ਪੁਲੀਸ ਨੇ ਸੇਵਾਮੁਕਤ ਕਾਨੂੰਨਗੋ ਨਿਸ਼ਾਨ ਸਿੰਘ ਨੂੰ ਮੁੱਦਈ ਬਣਾਇਆ ਹੈ ਜਦੋਂ ਕਿ ਨਿਸ਼ਾਨ ਸਿੰਘ ਨੇ ਖੁਦ ਨੂੰ ਮੁੱਦਈ ਬਣਾਏ ਜਾਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਪੁਲੀਸ ਦੀ ਇਸ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਫੋਨ ’ਤੇ ਗੱਲ ਕਰਦਿਆਂ ਕਿਹਾ, ‘ਮੈਨੂੰ ਇੰਝ ਜਾਪਦਾ ਹੈ ਜਿਵੇਂ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੈਨੂੰ ਮਰਵਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।’ ਇਸ ਜ਼ਮੀਨ ਦਾ ਇਤਿਹਾਸ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਹੈ। ਮਾਲ ਰਿਕਾਰਡ ਅਨੁਸਾਰ, ਇਸ ਜ਼ਮੀਨ ਦੇ ਅਸਲ ਮਾਲਕ ਲੇਖਰਾਜ ਅਤੇ ਉਸ ਦੇ ਪੁੱਤਰ ਮਦਨ ਮੋਹਨ ਅਤੇ ਟੇਕ ਚੰਦ ਨੇ ਫੌਜ ਨੂੰ ਜ਼ਮੀਨ ਦੇਣ ਤੋਂ ਪਹਿਲਾਂ ਭਾਰਤ ਸਰਕਾਰ ਤੋਂ ਮੁਆਵਜ਼ਾ ਪ੍ਰਾਪਤ ਕੀਤਾ ਸੀ।
ਸਾਲ 1991 ਵਿੱਚ ਮਦਨ ਮੋਹਨ ਦੀ ਮੌਤ ਤੋਂ ਬਾਅਦ, 1997 ਵਿੱਚ ਉਸਦੇ ਮੁਖਤਿਆਰ-ਏ-ਆਮ ਰਾਹੀਂ ਇਹ ਜ਼ਮੀਨ ਕਥਿਤ ਤੌਰ ’ਤੇ ਵੇਚ ਦਿੱਤੀ ਗਈ ਪਰ ਇਹ ਜ਼ਮੀਨ ਹਵਾਈ ਸੈਨਾ ਦੇ ਕਬਜ਼ੇ ਹੇਠ ਹੋਣ ਕਾਰਨ ਖਰੀਦਦਾਰਾਂ ਨੂੰ ਅੱਜ ਤੱਕ ਇਸ ਦਾ ਕਬਜ਼ਾ ਨਹੀਂ ਮਿਲ ਸਕਿਆ। ਧੋਖਾਧੜੀ ਦਾ ਸ਼ਿਕਾਰ ਹੋਏ ਖਰੀਦਦਾਰ ਕਿਸਾਨ ਹੁਣ ਵੀ ਅਦਾਲਤ ਵਿੱਚ ਕੇਸ ਦਾਇਰ ਕਰਕੇ ਇਸ ’ਤੇ ਕਬਜ਼ੇ ਦੀ ਮੰਗ ਕਰ ਰਹੇ ਹਨ।
ਨਿਸ਼ਾਨ ਸਿੰਘ ਨੇ ਇਸ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਅਤੇ ਦੱਸਿਆ ਕਿ ਇਹ ਜ਼ਮੀਨ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਧੋਖੇ ਨਾਲ ਵੇਚੀ ਗਈ ਹੈ।
ਜਦੋਂ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਨਿਸ਼ਾਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਨੇ ਪਿਛਲੇ ਦਿਨੀਂ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਅਤੇ ਚਾਰ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ।
ਮੈਨੂੰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ: ਨਵੀਨ ਚੰਦ ਆਂਸਲ
ਨਵੀਨ ਚੰਦ ਆਂਸਲ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਐਕੁਆਇਰ ਕੀਤੀ ਹੋਈ ਜ਼ਮੀਨ ਦਾ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਗ਼ਲਤ ਹੈ।