ਗੁਰਨਾਮ ਸਿੰਘ ਅਕੀਦਾ
ਪਟਿਆਲਾ ’ਚ ਹਵਾ ਵਿੱਚ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਅੱਜ 294 ’ਤੇ ਪਹੁੰਚ ਗਿਆ ਹੈ। ਹਾਲਾਂਕਿ ਖੰਨਾ ਦੀ ਹਾਲਤ ਇਸ ਤੋਂ ਵੀ ਮਾੜੀ ਹੈ ਜਿਥੇ ਹਵਾ ਗੁਣਵੱਤਾ ਸੂਚਕ ਅੰਕ 310 ਦਰਜ ਕੀਤਾ ਗਿਆ। ਇਸ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਸ ਵੇਲੇ ਪਟਿਆਲਾ ਵਿੱਚ ਧੂੰਏਂ ਦੇ ਬੱਦਲ ਛਾਏ ਹੋਏ ਹਨ ਅਤੇ ਇਹੀ ਹਾਲ ਖੰਨੇ, ਲੁਧਿਆਣਾ, ਜਲੰਧਰ ਤੇ ਪੰਜਾਬ ਦੇ ਹੋਰ ਸ਼ਹਿਰਾਂ ਦਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ ਏ ਕਿਊ ਆਈ 134 ਰਿਹਾ ਜਦ ਕਿ ਲੁਧਿਆਣਾ ਵਿੱਚ 188, ਜਲੰਧਰ ਵਿੱਚ 152 ਅਤੇ ਬਠਿੰਡਾ ਵਿੱਚ ਏ ਕਿਊ ਆਈ 115 ਦਰਜ ਕੀਤਾ ਗਿਆ। ਪੰਜਾਬ ਵਿੱਚੋਂ ਸਭ ਤੋਂ ਵੱਧ ਖੰਨਾ ਵਿੱਚ ਏ ਕਿਊਆਈ 310 ਦਰਜ ਕੀਤਾ ਗਿਆ ਜਦਕਿ ਪਟਿਆਲਾ ਦਾ ਏ ਕਿਊ ਆਈ ਦੂਜੇ ਨੰਬਰ ’ਤੇ ਰਿਹਾ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਆਈ ਐੱਸ ਆਰ ਓ) ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਕੁੱਲ੍ਹ 2084 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ ਜਿਨ੍ਹਾਂ ਵਿੱਚ ਪਟਿਆਲਾ ’ਚ 130, ਸੰਗਰੂਰ ਵਿੱਚ 389, ਤਰਨ ਤਾਰਨ ਵਿੱਚ 423, ਅੰਮ੍ਰਿਤਸਰ ਵਿੱਚ 212, ਬਠਿੰਡਾ ਵਿੱਚ 134, ਫ਼ਿਰੋਜ਼ਪੁਰ ਵਿੱਚ 207, ਕਪੂਰਥਲਾ ਵਿੱਚ 84, ਮਾਨਸਾ ਵਿੱਚ 69, ਜਲੰਧਰ ਵਿੱਚ 38 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਹੁਣ ਤੱਕ ਕੁੱਲ 766 ਕਿਸਾਨਾਂ ਨੂੰ 40 ਲੱਖ 55 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਗਏ, ਜਿਸ ਵਿੱਚੋਂ 20 ਲੱਖ 40 ਹਜ਼ਾਰ ਵਸੂਲ ਕਰ ਲਏ ਗਏ। ਇਸ ਤੋਂ ਇਲਾਵਾ 545 ਕਿਸਾਨਾਂ ਉੱਤੇ ਕੇਸ ਵੀ ਦਰਜ ਕਰ ਲਏ ਗਏ ਹਨ।

