ਏਅਰ ਇੰਡੀਆ ਹਾਦਸਾ: ਉਡਾਣ ਭਰਨ ਵੇਲੇ ਈਂਧਣ ਸਵਿੱਚ ਹੋਏ ਆਫ਼
ਨਵੀਂ ਦਿੱਲੀ, 12 ਜੁਲਾਈ
ਗੁਜਰਾਤ ਦੇ ਅਹਿਮਦਾਬਾਦ ’ਚ ਪਿਛਲੇ ਦਿਨੀਂ ਹੋਏ ਜਹਾਜ਼ ਹਾਦਸੇ ਬਾਰੇ ਮੁੱਢਲੀ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੀ ਉਡਾਣ-171 ਦੇ ਦੋਵੇਂ ਇੰਜਣਾਂ ਨੂੰ ਈਂਧਣ ਦੀ ਸਪਲਾਈ ਇੱਕ ਸੈਕਿੰਡ ਦੇ ਫਰਕ ਨਾਲ ਬੰਦ ਹੋ ਗਈ ਸੀ, ਜਿਸ ਕਾਰਨ ਕੌਕਪਿਟ ’ਚ ਭਰਮ ਦੀ ਸਥਿਤੀ ਪੈਦਾ ਹੋ ਗਈ ਤੇ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਜ਼ਮੀਨ ’ਤੇ ਡਿੱਗ ਗਿਆ।
ਹਵਾਈ ਹਾਦਸਿਆਂ ਬਾਰੇ ਜਾਂਚ ਬਿਊਰੋ (ਏਏਆਈਬੀ) ਦੀ 15 ਸਫ਼ਿਆਂ ਵਾਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ‘ਕੌਕਪਿਟ ਵੁਆਇਸ ਰਿਕਾਰਡਿੰਗ’ ਵਿੱਚ ਸੁਣਿਆ ਗਿਆ ਹੈ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਸ ਨੇ ਈਂਧਣ ਕਿਉਂ ਬੰਦ ਕੀਤਾ ਤਾਂ ਜਵਾਬ ਮਿਲਿਆ ਕਿ ਉਸ ਨੇ ਅਜਿਹਾ ਨਹੀਂ ਕੀਤਾ। ਲੰਡਨ ਜਾਣ ਵਾਲੇ ਬੋਇੰਗ 787 ਡਰੀਮਲਾਈਨਰ ਜਹਾਜ਼ ਨੇ 12 ਜੂਨ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਰਫ਼ਤਾਰ ਗੁਆਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ। ਇਸ ਹਾਦਸੇ ’ਚ ਜਹਾਜ਼ ਵਿੱਚ ਸਵਾਰ 242 ਵਿਅਕਤੀਆਂ ’ਚੋਂ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਮੌਤ ਹੋ ਗਈ ਸੀ। ਹਾਦਸੇ ’ਚ ਮੁਸਾਫਰਾਂ ਤੇ ਚਾਲਕ ਟੀਮ ਦੇ ਮੈਂਬਰਾਂ ਤੋਂ ਇਲਾਵਾ 19 ਹੋਰ ਵਿਅਕਤੀ ਵੀ ਮਾਰੇ ਗਏ ਸਨ।
ਏਏਆਈਬੀ ਦੀ ਰਿਪੋਰਟ ਅਨੁਸਾਰ ਦੋਵੇਂ ਈਂਧਣ ਕੰਟਰੋਲ ਸਵਿੱਚ (ਜਿਨ੍ਹਾਂ ਦੀ ਵਰਤੋਂ ਇੰਜਣ ਬੰਦ ਕਰਨ ਲਈ ਕੀਤੀ ਜਾਂਦੀ ਹੈ) ਉਡਾਣ ਭਰਨ ਤੋਂ ਤੁਰੰਤ ਬਾਅਦ ‘ਕੱਟ ਆਫ’ ਸਥਿਤੀ ’ਚ ਚਲੇ ਗਏ। ਹਾਲਾਂਕਿ ਰਿਪੋਰਟ ’ਚ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਵੇਂ ਹੋਇਆ ਜਾਂ ਕਿਸ ਨੇ ਕੀਤਾ। ਤਕਰੀਬਨ 10 ਸੈਕਿੰਡ ਬਾਅਦ ਇੰਜਣ-1 ਦਾ ਈਂਧਣ ਕੱਟ ਆਫ ਸਵਿੱਚ ਆਪਣੀ ਅਖੌਤੀ ‘ਰਨ’ ਸਥਿਤੀ ’ਚ ਚਲਾ ਗਿਆ ਅਤੇ ਉਸ ਤੋਂ ਚਾਰ ਸੈਕਿੰਡ ਬਾਅਦ ਇੰਜਣ-2 ਵੀ ‘ਰਨ’ ਸਥਿਤੀ ’ਚ ਆ ਗਿਆ। ਪਾਇਲਟ ਦੋਵਾਂ ਇੰਜਣਾਂ ਨੂੰ ਮੁੜ ਤੋਂ ਚਾਲੂ ਕਰਨ ’ਚ ਕਾਮਯਾਬ ਰਹੇ ਪਰ ਸਿਰਫ਼ ਇੰਜਣ-1 ਹੀ ਠੀਕ ਹੋ ਸਕਿਆ ਜਦਕਿ ਇੰਜਣ-2 ਰਫ਼ਤਾਰ ਵਧਾਉਣ ਲਈ ਲੋੜੀਂਦੀ ਤਾਕਤ ਪੈਦਾ ਨਹੀਂ ਕਰ ਸਕਿਆ ਜਿਸ ਕਾਰਨ ਹਾਦਸਾ ਹੋ ਗਿਆ। ਪਾਇਲਟਾਂ ’ਚੋਂ ਇੱਕ ਨੇ ਐਮਰਜੈਂਸੀ ਚਿਤਾਵਨੀ ‘ਮੇਅ ਡੇਅ, ਮੇਅ ਡੇਅ, ਮੇਅ ਡੇਅ’ ਜਾਰੀ ਕੀਤੀ ਪਰ ਇਸ ਤੋਂ ਪਹਿਲਾਂ ਕਿ ਹਵਾਈ ਆਵਾਜਾਈ ਕੰਟਰੋਲਰਾਂ ਤੋਂ ਕੋਈ ਪ੍ਰਤੀਕਿਰਿਆ ਮਿਲਦੀ, ਜਹਾਜ਼ ਹਵਾਈ ਅੱਡੇ ਦੀ ਹੱਦ ਤੋਂ ਠੀਕ ਬਾਹਰ ਇੱਕ ਵਿਦਿਆਰਥੀ ਹੋਸਟਲ ’ਤੇ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਰਿਪੋਰਟ ਅਨੁਸਾਰ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਉਸ ਸਮੇਂ ਸਹਾਇਕ ਪਾਇਲਟ ਜਹਾਜ਼ ਉਡਾ ਰਿਹਾ ਸੀ ਅਤੇ ਕਪਤਾਨ ਨਿਗਰਾਨੀ ਕਰ ਰਿਹਾ ਸੀ। ਏਏਆਈਬੀ ਦੀ ਮੁੱਢਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਹਾਜ਼ ਦੇ ਅਪਰੇਟਰਾਂ ਲਈ ਫਿਲਹਾਲ ਕਾਰਵਾਈ ਦੀ ਕੋਈ ਸਿਫਾਰਸ਼ ਨਹੀਂ ਕੀਤੀ ਗਈ ਹੈ।
ਰਿਪੋਰਟ ’ਚ ਕਿਹਾ ਗਿਆ ਹੈ, ‘ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 1 ਵਜ ਕੇ 38 ਮਿੰਟ ਤੇ 42 ਸਕਿੰਟ ’ਤੇ ਵੱਧ ਤੋਂ ਵੱਧ ਦਰਜ ਕੀਤੀ ਗਈ ਰਫ਼ਤਾਰ 180 ਨਾਟਜ਼ ਆਈਏਐੱਸ ਹਾਸਲ ਕਰ ਲਈ ਅਤੇ ਇੱਕ ਸਕਿੰਟ ਬਾਅਦ ਹੀ ਇੰਜਣ-1 ਤੇ ਇੰਜਣ-2 ਦੇ ਈਂਧਣ ‘ਕੱਟ ਆਫ ਸਵਿੱਚ’ ਕ੍ਰਮਵਾਰ ‘ਰਨ’ ਤੋਂ ‘ਕੱਟ ਆਫ’ ਸਥਿਤੀ ’ਚ ਚਲੇ ਗਏ।’ ਰਿਪੋਰਟ ਅਨੁਸਾਰ ਇੰਜਣ ‘ਐੱਨ-1’ ਤੇ ‘ਐੱਨ-2’ ਦੀ ਈਂਧਣ ਸਪਲਾਈ ਬੰਦ ਹੋਣ ਕਾਰਨ ਉਸ ਦੀ ਸਮਰੱਥਾ ’ਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਰਿਪੋਰਟ ’ਚ ‘ਕੌਕਪਿਟ ਵੁਆਇਸ ਰਿਕਾਰਡਿੰਗ’ ਦੇ ਹਵਾਲੇ ਨਾਲ ਕਿਹਾ ਗਿਆ, ‘ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਸ ਨੇ ਈਂਧਣ ‘ਸਵਿੱਚ ਆਫ’ ਕਿਉਂ ਕੀਤਾ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਨੇ ਅਜਿਹਾ ਨਹੀਂ ਕੀਤਾ।’ ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲਗਦਾ ਹੈ ਕਿ ‘ਰੈਮ ਏਅਰ ਟਰਬਾਈਨ’ (ਆਰਏਟੀ) ਨਾਂ ਦਾ ‘ਬੈਕਅਪ’ ਊਰਜਾ ਸਰੋਤ ਸਰਗਰਮ ਹੋ ਗਿਆ ਸੀ ਜੋ ਇੰਜਣ ’ਚ ਊਰਜਾ ਦੀ ਕਮੀ ਦਾ ਸੰਕੇਤ ਦਿੰਦਾ ਹੈ। ਰਿਪੋਰਟ ਨੇ ਕੌਕਪਿਟ ਨੇ ਦੋਵਾਂ ਪਾਇਲਟਾਂ ਵਿਚਾਲੇ ਹੋਈ ਗੱਲਬਾਤ ਦਾ ਸਿਰਫ਼ ਸੀਮਤ ਵੇਰਵਾ ਪ੍ਰਦਾਨ ਕੀਤਾ ਹੈ ਅਤੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਡਾਣ ਦੌਰਾਨ ਸਵਿੱਚ ‘ਕੱਟ ਆਫ’ ਦੀ ਸਥਿਤੀ ਵਿੱਚ ਕਿਵੇਂ ਆ ਗਏ। ‘ਕੱਟ ਆਫ’ ਦੀ ਸਥਿਤੀ ’ਚ ਈਂਧਣ ਦੀ ਸਪਲਾਈ ਤੁਰੰਤ ਬੰਦ ਹੋ ਜਾਂਦੀ ਹੈ ਅਤੇ ਇਹ ਆਮ ਤੌਰ ’ਤੇ ਜਹਾਜ਼ ਦੇ ਹਵਾਈ ਅੱਡੇ ਗੇਟ ’ਤੇ ਪਹੁੰਚਣ ਮਗਰੋਂ ਇੰਜਣ ਬੰਦ ਕਰਨ ਜਾਂ ਕੁਝ ਐਮਰਜੈਂਸੀ ਸਥਿਤੀਆਂ ਜਿਵੇਂ ਇੰਜਣ ’ਚ ਅੱਗ ਲੱਗਣ ਸਮੇਂ ਕੀਤਾ ਜਾਂਦਾ ਹੈ। ਰਿਪੋਰਟ ’ਚ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ ਅਜਿਹੀ ਕੋਈ ਐਮਰਜੈਂਸੀ ਸਥਿਤੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਵਾਲੀ ਥਾਂ ’ਤੇ ਦੋਵੇਂ ਈਂਧਣ ਸਵਿੱਚ ‘ਰਨ’ ਸਥਿਤੀ ’ਚ ਪਾਏ ਗਏ ਅਤੇ ਘੱਟ ਉਚਾਈ ’ਤੇ ਵਾਪਰੇ ਇਸ ਹਾਦਸੇ ਤੋਂ ਪਹਿਲਾਂ ਦੋਵਾਂ ਇੰਜਣਾਂ ਦੇ ਮੁੜ ਚਾਲੂ ਹੋਣ ਦੇ ਸੰਕੇਤ ਮਿਲੇ ਹਨ। ਇਸ ਜਹਾਜ਼ ਦੀ ਕਮਾਨ 56 ਸਾਲਾ ਸੁਮਿਤ ਸਭਰਵਾਲ ਕੋਲ ਸੀ। ਉਹ ਏਅਰ ਇੰਡੀਆ ’ਚ ਇੱਕ ਸੀਨੀਅਰ ਪਾਇਲਟ ਸਨ ਤੇ ਉਨ੍ਹਾਂ ਨੂੰ 30 ਸਾਲਾਂ ਦਾ ਤਜਰਬਾ ਸੀ। ਉਨ੍ਹਾਂ ਦੇ ਸਹਾਇਕ ਪਾਇਲਟ 32 ਸਾਲਾ ਕਲਾਈਵ ਕੁੰਦਰ ਸਨ ਜਿਨ੍ਹਾਂ ਕੋਲ 3,403 ਘੰਟੇ ਦੀ ਉਡਾਣ ਦਾ ਤਜਰਬਾ ਸੀ। -ਪੀਟੀਆਈ
ਅਜੇ ਕਿਸੇ ਨਤੀਜੇ ’ਤੇ ਪਹੁੰਚਣਾ ਸਹੀ ਨਹੀਂ: ਨਾਇਡੂ
ਵਿਸ਼ਾਖਾਪਟਨਮ/ਪੁਣੇ: ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਕਿਹਾ ਕਿ ਅਹਿਮਦਾਬਾਦ ’ਚ ਹਾਲ ਹੀ ’ਚ ਵਾਪਰੇ ਹਵਾਈ ਜਹਾਜ਼ ਹਾਦਸੇ ਬਾਰੇ ਅਜੇ ਨਤੀਜੇ ’ਤੇ ਪਹੁੰਚਣਾ ਸਹੀ ਨਹੀਂ ਹੋਵੇਗਾ ਕਿਉਂਕਿ ਏਏਆਈਬੀ ਨੇ ਸਿਰਫ਼ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਉਨ੍ਹਾਂ ਕਿਹਾ, ‘ਇਸ ਲਈ ਇਸ ਸਮੇਂ ਕਿਸੇ ਨਤੀਜੇ ’ਤੇ ਨਹੀਂ ਪਹੁੰਚਣਾ ਚਾਹੀਦਾ। ਸਾਨੂੰ ਅੰਤਿਮ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਇਹ ਤਕਨੀਕੀ ਗੱਲਾਂ ਹਨ ਤੇ ਇਸ ਲਈ ਸਾਡੇ ਕੋਲ ਇਹ ਜਾਂਚ ਏਜੰਸੀਆਂ ਹਨ। ਇੱਕ ਵਾਰ ਜਦੋਂ ਉਹ ਸਪੱਸ਼ਟ ਹੋ ਜਾਣਗੀਆਂ ਤਾਂ ਉਹ ਅੰਤਿਮ ਰਿਪੋਰਟ ਸੌਂਪ ਦੇਣਗੀਆਂ। ਇਸ ਸਮੇਂ ਮੇਰੇ ਲਈ ਇਸ ਬਾਰੇ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ।’ ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਅੱਜ ਕਿਹਾ ਕਿ ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਆਧਾਰ ’ਤੇ ਕੋਈ ਨਤੀਜਾ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਪਾਇਲਟਾਂ ਵਿਚਾਲੇ ਗੱਲਬਾਤ ਬਹੁਤ ਸੰਖੇਪ ਸੀ। -ਪੀਟੀਆਈ
ਗਲਤੀ ਨਾਲ ਨਹੀਂ ਬਦਲੀ ਜਾ ਸਕਦੀ ਈਂਧਣ ਸਵਿੱਚ ਦੀ ਸਥਿਤੀ
ਨਵੀਂ ਦਿੱਲੀ: ਸੀਨੀਅਰ ਪਾਇਲਟ ਨੇ ਦੱਸਿਆ ਕਿ ਈਂਧਣ ਸਵਿੱਚ ਜਹਾਜ਼ ਦੇ ਇੰਜਣਾਂ ’ਚ ਈਂਧਣ ਦੇ ਵਹਾਅ ਨੂੰ ਕੰਟਰੋਲ ਕਰਦੇ ਹਨ। ਸਵਿੱਚ ਦੀਆਂ ਦੋ ਸਥਿਤੀਆਂ ‘ਰਨ’ ਤੇ ‘ਕੱਟ ਆਫ’ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਇੰਜਣਾਂ ਨੂੰ ਚਾਲੂ ਜਾਂ ਬੰਦ ਕਰਨ ਲਈ ਕੀਤੀ ਜਾਂਦੀ ਹੈ। ਪਾਇਲਟ ਨੇ ਕਿਹਾ ਕਿ ਈਂਧਣ ਸਵਿੱਚ ਦੀ ਸਥਿਤੀ ਨੂੰ ਗਲਤੀ ਨਾਲ ਨਹੀਂ ਬਦਲਿਆ ਜਾ ਸਕਦਾ ਬਲਕਿ ਇਸ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ‘ਬਰੈਕੇਟ’ ਲੱਗੇ ਹੋਣ ਕਾਰਨ ਈਂਧਣ ਸਵਿੱਚ ਸੁਰੱਖਿਅਤ ਹੁੰਦੇ ਹਨ। ਇਹ ਬਰੈਕੇਟ ਇਸ ਲਈ ਲੱਗੇ ਹੁੰਦੇ ਹਨ ਕਿ ਸਵਿੱਚ ਦੀ ਸਥਿਤੀ ’ਚ ਅਚਾਨਕ ਕੋਈ ਤਬਦੀਲੀ ਨਾ ਹੋਵੇ। ਪਾਇਲਟ ਨੇ ਕਿਹਾ ਕਿ ਸਵਿੱਚ ਦੀ ਸਥਿਤੀ ਬਦਲਣ ਤੋਂ ਪਹਿਲਾਂ ਉਨ੍ਹਾਂ ਨੂੰ ਉੱਪਰ ਖਿੱਚਣਾ ਪੈਂਦਾ ਹੈ। ਬੋਇੰਗ 787 ਡਰੀਮਲਾਈਨਰ ’ਚ ਈਂਧਣ ਸਵਿੱਚ ਥ੍ਰਸਟ ਲੀਵਰ ਦੇ ਹੇਠਾਂ ਸਥਿਤ ਹੁੰਦੇ ਹਨ। -ਪੀਟੀਆਈ
ਅਮਰੀਕੀ ਹਵਾਬਾਜ਼ੀ ਪ੍ਰਸ਼ਾਸਨ ਨੇ ਦਿੱਤੀ ਸੀ ਸਵਿੱਚ ਬਾਰੇ ਚਿਤਾਵਨੀ
ਨਵੀਂ ਦਿੱਲੀ(ਉਜਵਲ ਜਲਾਲੀ): ਭਾਰਤ ਦੇ ਹਵਾਬਾਜ਼ੀ ਸੁਰੱਖਿਆ ਜਾਂਚਕਰਤਾਵਾਂ ਨੇ ਪਿਛਲੇ ਮਹੀਨੇ ਅਹਿਮਦਾਬਾਦ ’ਚ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਦੇ ਈਂਧਣ ਕੰਟਰੋਲ ਸਵਿੱਚ ’ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ, ਜਦਕਿ ਜਾਂਚ ’ਚ ਇਸ ਗੱਲ ਨੂੰ ਉਭਾਰਿਆ ਗਿਆ ਹੈ ਕਿ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਸੱਤ ਸਾਲ ਪਹਿਲਾਂ ਇਸੇ ਬਾਰੇ ਚਿਤਾਵਨੀ ਜਾਰੀ ਕੀਤੀ ਸੀ। ਏਏਆਈਬੀ ਨੇ ਅੱਜ ਜਾਰੀ ਆਪਣੀ ਮੁੱਢਲੀ ਰਿਪੋਰਟ ’ਚ ਕਿਹਾ ਕਿ ਬੋਇੰਗ 787-8 ਈਂਧਣ ਕੰਟਰੋਲ ਸਵਿੱਚ ਨਾਲ ਲੈਸ ਸੀ ਜਿਸ ਨੂੰ ਐੱਫਏਏ ਨੇ ਦਸੰਬਰ 2018 ’ਚ ‘ਲੌਕਿੰਗ ਸਹੂਲਤ ’ਚ ਸੰਭਾਵੀ ਸਮੱਸਿਆ’ ਵਜੋਂ ਉਭਾਰਿਆ ਸੀ। ਐੱਫਏਏ ਨੇ ਈਂਧਣ ਕੰਟਰੋਲ ਲੌਕਿੰਗ ਸਹੂਲਤ ’ਚ ਸੰਭਾਵੀ ਸਮੱਸਿਆ ਆਉਣ ਬਾਰੇ 17 ਦਸੰਬਰ 2018 ਨੂੰ ਵਿਸ਼ੇਸ਼ ਸੂਚਨਾ ਬੁਲੇਟਿਨ ਨੰਬਰ ਐੱਨਐੱਮ-18-33 ਜਾਰੀ ਕੀਤਾ ਸੀ। ਐੱਫਏਏ ਦੀ ਇਹ ਸਲਾਹ ਪਾਰਟ ਨੰਬਰ 4ਟੀਐੱਲ837-38 ਵਾਲੇ ਸਵਿੱਚਾਂ ਬਾਰੇ ਸੀ। ਇਹੀ ਉਹ ਡਿਜ਼ਾਈਨ ਹੈ ਜਿਸ ਦੀ ਵਰਤੋਂ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ’ਚ ਕੀਤੀ ਗਈ ਸੀ।
ਪਾਇਲਟਾਂ ਨਾਲ ਰਿਪੋਰਟ ਦੀ ਸਮੀਖਿਆ ਕਰੇਗੀ ਏਅਰ ਇੰਡੀਆ
ਮੁੰਬਈ: ਏਅਰ ਇੰਡੀਆ ਨੇ ਅੱਜ ਕਿਹਾ ਕਿ ਉਹ ਅਹਿਮਦਾਬਾਦ ਹਵਾਈ ਹਾਦਸੇ ਬਾਰੇ ਮੁੱਢਲੀ ਜਾਂਚ ਰਿਪੋਰਟ ਦੀ ਸਮੀਖਿਆ ਲਈ ਆਉਣ ਵਾਲੇ ਦਿਨਾਂ ’ਚ ਵਿਸ਼ੇਸ਼ ਸੈਸ਼ਨ ਕਰਵਾਏਗੀ ਜਿਸ ’ਚ ਪਾਇਲਟਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਏਅਰ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ (ਉਡਾਣ ਸੰਚਾਲਨ) ਮਨੀਸ਼ ਉੱਪਲ ਨੇ ਪਾਇਲਟਾਂ ਨੂੰ ਲਿਖੇ ਪੱਤਰ ’ਚ ਕਿਹਾ, ‘12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸਾਡੀ ਉਡਾਣ ਨੰਬਰ ਏਆਈ 171 ਨਾਲ ਜੁੜੀ ਹਾਲੀਆ ਹਾਦਸੇ ਬਾਰੇ ਮੁੱਢਲੀ ਜਾਂਚ ਰਿਪੋਰਟ ਅਧਿਕਾਰਤ ਤੌਰ ’ਤੇ ਜਾਰੀ ਕਰ ਦਿੱਤੀ ਗਈ ਹੈ। ਹਵਾਬਾਜ਼ੀ ਪੇਸ਼ੇਵਰ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਸੁਰੱਖਿਆ ਨਾਲ ਜੁੜੀ ਹਰ ਘਟਨਾ ਦੀ ਸੁਰੱਖਿਅਤ ਉਡਾਣ ਯਕੀਨੀ ਬਣਾਉਣ ਲਈ ਸਬਕ ਲੈਆ ਸਭ ਤੋਂ ਮਹੱਤਵਪੂਰਨ ਹੈ।’ ਏਅਰ ਇੰਡੀਆ ਨੇ ਇਹ ਵੀ ਕਿਹਾ ਕਿ ਉਹ ਰੈਗੂਲੇਟਰਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਉਹ ਏਏਆਈਬੀ ਤੇ ਹੋਰ ਅਥਾਰਿਟੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ। -ਪੀਟੀਆਈ