ਹਵਾਈ ਫ਼ੌਜ ਦੇ ਜਵਾਨ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ
ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਬਾਜ਼ਾਰ (ਨਵੀਂ ਆਬਾਦੀ ਅਕਾਲਗੜ੍ਹ) ਵਾਸੀ ਸ਼ੁਭਮ ਕੁਮਾਰ (25) ਨੇ ਭਾਰਤੀ ਹਵਾਈ ਫ਼ੌਜ ਕੇਂਦਰ ਬਰੇਲੀ (ਉੱਤਰ ਪ੍ਰਦੇਸ਼) ਵਿੱਚ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਅੱਜ ਦੇਰ ਸ਼ਾਮ ਮ੍ਰਿਤਕ ਦਾ ਸਸਕਾਰ ਨਵੀਂ ਆਬਾਦੀ...
ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਬਾਜ਼ਾਰ (ਨਵੀਂ ਆਬਾਦੀ ਅਕਾਲਗੜ੍ਹ) ਵਾਸੀ ਸ਼ੁਭਮ ਕੁਮਾਰ (25) ਨੇ ਭਾਰਤੀ ਹਵਾਈ ਫ਼ੌਜ ਕੇਂਦਰ ਬਰੇਲੀ (ਉੱਤਰ ਪ੍ਰਦੇਸ਼) ਵਿੱਚ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਅੱਜ ਦੇਰ ਸ਼ਾਮ ਮ੍ਰਿਤਕ ਦਾ ਸਸਕਾਰ ਨਵੀਂ ਆਬਾਦੀ ਅਕਾਲਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਡਿਊਟੀ ਦੌਰਾਨ ਕਿਸੇ ਨਾਲ ਮੋਬਾਈਲ ’ਤੇ ਗੱਲ ਕਰਦਿਆਂ ਸ਼ੁਭਮ ਕੁਮਾਰ ਨੇ ਆਪਣੇ ਮੱਥੇ ਵਿੱਚ ਗੋਲੀ ਮਾਰ ਦਿੱਤੀ। ਇਸ ਮਗਰੋਂ ਸਾਥੀ ਜਵਾਨਾਂ ਵੱਲੋਂ ਤੁਰੰਤ ਉਸ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਕਾਕਾ ਰਾਮ ਦੀ ਦੁਕਾਨ ਹਵਾਈ ਫ਼ੌਜ ਹਲਵਾਰਾ ਦੇ ਅਫ਼ਸਰ ਗੇਟ ਸਾਹਮਣੇ ਹੈ। ਸ਼ੁਭਮ ਕੁਮਾਰ ਦੀ ਲਾਸ਼ ਅੱਜ ਸਵੇਰੇ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਇਥੇ ਲਿਆਂਦੀ ਗਈ। ਜ਼ਰੂਰੀ ਕਾਰਵਾਈ ਬਾਅਦ ਸਵੇਰੇ 11 ਵਜੇ ਦੇ ਕਰੀਬ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਸ਼ੁਭਮ ਕੁਮਾਰ ਦਾ ਵੱਡਾ ਭਰਾ ਵਿਪਨ ਕੁਮਾਰ ਥਲ ਸੈਨਾ ਵਿੱਚ ਹੈ ਅਤੇ ਉਸ ਦੀ ਤਾਇਨਾਤੀ ਵੀ ਬਰੇਲੀ ਵਿੱਚ ਹੀ ਹੈ। ਵਿਪਨ ਕੁਮਾਰ ਅਨੁਸਾਰ ਖ਼ੁਦਕੁਸ਼ੀ ਤੋਂ ਲਗਪਗ ਅੱਧਾ ਘੰਟਾ ਪਹਿਲਾਂ ਵੀ ਸ਼ੁਭਮ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਿਹਾ ਸੀ ਅਤੇ ਉਹ ਪ੍ਰੇਸ਼ਾਨ ਸੀ। ਸ਼ੁਭਮ ਘਟਨਾ ਸਮੇਂ ਰੇਡੀਓ ਡਿਊਟੀ ’ਤੇ ਸੀ। ਦੂਜੇ ਪਾਸੇ ਬਰੇਲੀ ਦੇ ਇੱਜ਼ਤ ਨਗਰ ਥਾਣੇ ਮੁਖੀ ਇੰਸਪੈਕਟਰ ਵਿਜੇਂਦਰ ਸਿੰਘ ਅਨੁਸਾਰ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਕਾਲ ਡਿਟੇਲ ਅਤੇ ਹੋਰ ਸਬੂਤਾਂ ਅਨੁਸਾਰ ਮੁਕੱਦਮਾ ਦਰਜ ਕੀਤਾ ਜਾਵੇਗਾ।`

