ਅਹਿਮਦਾਬਾਦ ਜਹਾਜ਼ ਹਾਦਸਾ: 208 ਪੀੜਤਾਂ ਦੀ ਪਛਾਣ
ਅਹਿਮਦਾਬਾਦ, 17 ਜੂਨ
ਇੱਥੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਛੇ ਦਿਨਾਂ ਮਗਰੋਂ ਹੁਣ ਤੱਕ 208 ਪੀੜਤਾਂ ਦੀ ਡੀਐੱਨਏ ਟੈਸਟ ਜ਼ਰੀਏ ਪਛਾਣ ਕਰ ਲਈ ਗਈ ਹੈ ਤੇ ਇਨ੍ਹਾਂ ’ਚੋਂ 170 ਲਾਸ਼ਾਂ ਸਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਹਾਦਸੇ ਵਿਚ ਜਹਾਜ਼ ਸਵਾਰ 241 ਵਿਅਕਤੀਆਂ ਸਣੇ ਕੁੱਲ 270 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾ. ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਅੱਜ ਸਵੇਰੇ ਤੱਕ 208 ਡੀਐੱਨਏ ਨਮੂਨੇ ਮੈਚ ਕੀਤੇ ਜਾ ਚੁੱਕੇ ਹਨ ਅਤੇ 170 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬਾਕੀ ਬਚਦੀਆਂ ਲਾਸ਼ਾਂ ਵੀ ਜਲਦੀ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।’ ਜੋਸ਼ੀ ਨੇ ਕਿਹਾ ਕਿ ਜਹਾਜ਼ ਹਾਦਸੇ ਮਗਰੋਂ 71 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ’ਚੋਂ 9 ਜਣੇ ਮੌਜੂਦਾ ਸਮੇਂ ਇਲਾਜ ਅਧੀਨ ਹਨ, ਜਦਕਿ ਦੋ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਦੌਰਾਨ ਹਾਦਸੇ ਵਿੱਚ ਬਚੇ ਇੱਕੋ-ਇੱਕ ਯਾਤਰੀ ਵਿਸ਼ਵਾਸ ਕੁਮਾਰ ਰਮੇਸ਼ ਨੂੰ ਇਲਾਜ ਤੋਂ ਬਾਅਦ ਅਹਿਮਦਾਬਾਦ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਛੁੱਟੀ ਮਿਲਣ ਮਗਰੋਂ ਉਹ ਆਪਣੇ ਭਰਾ ਦੇ ਸਸਕਾਰ ਵਿੱਚ ਸ਼ਾਮਲ ਹੋਇਆ, ਜੋ ਉਸ ਨਾਲ ਉਸੇ ਉਡਾਣ ਵਿੱਚ ਯਾਤਰਾ ਕਰ ਰਿਹਾ ਸੀ। ਡਾ. ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀਐੱਨਏ ਟੈਸਟਾਂ ਵਿੱਚ ਵਿਸ਼ਵਾਸ ਦੇ ਭਰਾ ਅਜੈ ਦੀ ਪਛਾਣ ਹੋਣ ਤੋਂ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਕਿਹਾ, ‘ਵਿਸ਼ਵਾਸ ਦਾ ਪਰਿਵਾਰ ਬਰਤਾਨੀਆ ਤੋਂ ਇੱਥੇ ਪਹੁੰਚ ਚੁੱਕਾ ਹੈ। ਉਸ ਦੀ ਸਿਹਤਯਾਬੀ ਤੋਂ ਬਾਅਦ ਅਸੀਂ ਮੰਗਲਵਾਰ ਸ਼ਾਮ 7.30 ਵਜੇ ਵਿਸ਼ਵਾਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਅਤੇ ਡੀਐਨਏ ਟੈਸਟ ਰਾਹੀਂ ਪਛਾਣ ਹੋਣ ਤੋਂ ਬਾਅਦ ਉਸ ਦੇ ਭਰਾ ਦੀ ਲਾਸ਼ ਵੀ ਪਰਿਵਾਰ ਨੂੰ ਸੌਂਪ ਦਿੱਤੀ ਹੈ।’ ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਾਹਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਅਹਿਮਦਾਬਾਦ ਦੇ ਮੈਡੀਕਲ ਕਾਲਜ ਕੰਪਲੈਕਸ ’ਤੇ ਕਰੈਸ਼ ਹੋ ਗਿਆ ਸੀ। ਹਾਦਸੇ ਵਿਚ ਜਹਾਜ਼ ਸਵਾਰ 241 ਯਾਤਰੀ ਮਾਰੇ ਗਏ ਸਨ। -ਪੀਟੀਆਈ
ਨੌਮਿਨੀ ਦੀ ਵੀ ਮੌਤ ਹੋਣ ਕਾਰਨ ਬੀਮਾ ਕੰਪਨੀਆਂ ਦੁਚਿੱਤੀ ਵਿੱਚ
ਅਹਿਮਦਾਬਾਦ: ਬੀਮਾ ਕੰਪਨੀਆਂ ਨੂੰ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਦਾਅਵਿਆਂ ਦਾ ਨਿਬੇੜਾ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਸਾਰੇ ਮਾਮਲਿਆਂ ਵਿੱਚ ਪਾਲਿਸੀਧਾਰਕ ਅਤੇ ਉਸ ਦੇ ਨਾਮਜ਼ਦ ਵਿਅਕਤੀ ਦੋਵਾਂ ਦੀ ਇਸ ਦੁਖਾਂਤ ਵਿੱਚ ਮੌਤ ਹੋ ਗਈ ਹੈ। ਅਹਿਮਦਾਬਾਦ ਵਿੱਚ 12 ਜੂਨ ਨੂੰ ਵਾਪਰੇ ਹਾਦਸੇ ਵਿੱਚ ਪੂਰੇ ਪਰਿਵਾਰ ਖ਼ਤਮ ਹੋਣ ਜਾਂ ਪਤੀ-ਪਤਨੀ ’ਚੋਂ ਕਿਸੇ ਇੱਕ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਬੀਮਾ ਕੰਪਨੀਆਂ ਨੇ ਕਿਹਾ ਕਿ ਉਹ ਅਧਿਕਾਰੀਆਂ ਵੱਲੋਂ ਸਾਂਝੇ ਕੀਤੇ ਗਏ ਡੇਟਾ ਨਾਲ ਆਪਣਾ ਡੇਟਾ ਮਿਲਾ ਰਹੇ ਹਨ। ਐੱਲਆਈਸੀ ਦੇ ਪ੍ਰਸ਼ਾਸਕੀ ਅਧਿਕਾਰੀ ਆਸ਼ੀਸ਼ ਸ਼ੁਕਲਾ ਨੇ ਦੱਸਿਆ ਕਿ ਕੰਪਨੀ ਨੂੰ ਹੁਣ ਤੱਕ ਹਸਪਤਾਲ ਤੇ ਇਸ ਦੇ ਦਫਤਰਾਂ ’ਚ 10 ਦਾਅਵੇ ਪ੍ਰਾਪਤ ਹੋਏ ਹਨ। ਇਨ੍ਹਾਂ ’ਚੋਂ ਇੱਕ ਮਾਮਲਾ ਅਜਿਹਾ ਵੀ ਹੈ, ਜਿੱਥੇ ਬੀਮਾਧਾਰਕ ਨੇ ਆਪਣੇ ਜੀਵਨ ਸਾਥੀ ਨੂੰ ਨਾਮਜ਼ਦ ਕੀਤਾ ਸੀ ਅਤੇ ਦੋਵਾਂ ਦੀ ਹਾਦਸੇ ਵਿੱਚ ਮੌਤ ਹੋ ਗਈ। ਇਫਕੋ ਟੋਕੀਓ ਇੰਸ਼ੋਰੈਂਸ ਦੇ ਮੈਨੇਜਰ ਮਨਪ੍ਰੀਤ ਸਿੰਘ ਸੱਭਰਵਾਲ ਨੇ ਵੀ ਅਜਿਹੇ ਮਾਮਲੇ ਦਾ ਹਵਾਲਾ ਦਿੱਤਾ, ਜਿੱਥੇ ਇੱਕ ਕੰਪਨੀ ਦੇ ਡਾਇਰੈਕਟਰ ਅਤੇ ਉਸ ਦੀ ਪਤਨੀ (ਜੋ ਉਸ ਦੀ ਨਾਮਜ਼ਦ ਸੀ) ਦੋਵਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। -ਪੀਟੀਆਈ