ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਵੜਿੰਗ ਟੌਲ ਪਲਾਜ਼ਾ ਨੂੰ 27 ਅਗਸਤ ਤੋਂ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਸੀ। ਇਸ ਨੂੰ ਅੱਜ ਪ੍ਰਸ਼ਾਸਨ ਨੇ ਮੁੜ ਚਾਲੂ ਕਰਵਾ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਅੱਜ ਕਿਸਾਨ ਆਗੂਆਂ ਨਾਲ ਟੌਲ ਬੈਰੀਅਰ ’ਤੇ ਹੀ ਬੈਠਕ ਰੱਖੀ ਗਈ ਸੀ। ਇਸ ਵਿੱਚ ਕਿਸਾਨ ਆਗੂ ਪੁਲ ਬਣਾਉਣ ਮਗਰੋਂ ਟੌਲ ਚਾਲੂ ਕਰਨ ਦੀ ਮੰਗ ’ਤੇ ਅੜੇ ਰਹੇ। ਮੀਟਿੰਗ ਤੋਂ ਬਾਅਦ ਪੁਲੀਸ ਧਰਨਾਕਾਰੀ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਅਣਦੱਸੀ ਥਾਂ ਲੈ ਗਈ। ਇਹ ਟੌਲ ਪਲਾਜ਼ਾ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਟੌਲ ਕੰਪਨੀ ਨੇ ਵਾਅਦਾ ਕੀਤਾ ਸੀ ਕਿ ਟੌਲ ਵਾਲੀ ਸੜਕ ਉੱਪਰ ਰਾਜਸਥਾਨ ਫੀਡਰ ਤੇ ਸਰਹੰਦ ਕੈਨਾਲ ਨਹਿਰਾਂ ਦੇ ਨਵੇਂ ਪੁਲਾਂ ਦੀ ਉਸਾਰੀ ਤੋਂ ਇਲਾਵਾ ਸੜਕ ਵੀ ਚੌੜੀ ਕੀਤੀ ਜਾਵੇਗੀ। ਪਰ ਇਹ ਕੰਮ ਅੱਜ ਤਕ ਨਹੀਂ ਸ਼ੁਰੂ ਹੋਇਆ। ਬੀ ਕੇ ਯੂ ਸਿੱਧੂਪੁਰ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਨਾਲ ਸੰਪਰਕ ਕਰ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਟੌਲ ਕੰਪਨੀ ਸੁਪਰੀਮ ਇਨਫਰਾਸਟਕ੍ਰਚਰ ਦੇ ਜਤਿੰਦਰ ਪਟੇਲ ਨੇ ਦੱਸਿਆ ਕਿ ਕੰਮਾਂ ਦਾ ਠੇਕਾ ਦੇ ਦਿੱਤਾ ਹੈ। ਪੁਲਾਂ ਦੀ ਉਸਾਰੀ ਨਾ ਹੋਣ ਕਾਰਨ ਕੰਪਨੀ ਵੱਲੋਂ ਟੌਲ ਪਰਚੀ ਵਿੱਚ ਬਣਦੀ ਛੋਟ ਦਿੱਤੀ ਜਾ ਰਹੀ ਹੈ।
ਇਸ ਮੌਕੇ ਐੱਸ ਡੀ ਐੱਮ ਬਲਜੀਤ ਕੌਰ, ਐੱਸ ਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀ ਐੱਸ ਪੀ ਰਸ਼ਪਾਲ ਸਿੰਘ, ਥਾਣਾ ਸਦਰ ਮੁਖੀ ਵਰੁਣ ਯਾਦਵ ਆਦਿ ਵੀ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਟੌਲ ਕੰਪਨੀ ਨੂੰ ਨਿਯਮਾਂ ਅਨੁਸਾਰ ਕੰਮ ਕਰਨ ਲਈ ਹਦਾਇਤ ਜਾਰੀ ਕੀਤੀ ਹੈ।