ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਹਲਾਕ, ਅਸਲਾ ਬਰਾਮਦ
ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨਾਲ ਕੱਲ੍ਹ ਅੱਧੀ ਰਾਤ ਨੂੰ ਹੋਏ ਮੁਕਾਬਲੇ ਦੌਰਾਨ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਹੈਰੀ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ...
ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨਾਲ ਕੱਲ੍ਹ ਅੱਧੀ ਰਾਤ ਨੂੰ ਹੋਏ ਮੁਕਾਬਲੇ ਦੌਰਾਨ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਹੈਰੀ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੈਰੀ ਹਾਲ ਹੀ ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਦੇ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨਾਲ ਸਬੰਧ ਸਨ। ਪੁਲੀਸ ਨੇ ਦੋ ਪਿਸਤੌਲ, ਮੋਟਰਸਾਈਕਲ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਐਂਟੀ-ਗੈਂਗਸਟਰ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ ਸ਼ਹਿਰ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਹੈ। ਇਸ ਤੋਂ ਬਾਅਦ ਪੁਲੀਸ ਨੇ ਨਾਕਾਬੰਦੀ ਕੀਤੀ ਸੀ। ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲੀਸ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਹਰਜਿੰਦਰ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਉਸ ਦਾ ਦੂਜਾ ਸਾਥੀ ਹਨੇਰੇ ਦਾ ਲਾਭ ਲੈ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਨੇ ਉਸ ਦੀ ਸ਼ਨਾਖ਼ਤ ਕਰ ਲਈ ਹੈ।
ਪੁਲੀਸ ਕਮਿਸ਼ਨਰ ਨੇ ਆਖਿਆ ਕਿ ਜ਼ਬਤ ਕੀਤੇ ਮੋਬਾਈਲ ਦੀ ਸ਼ੁਰੂਆਤੀ ਜਾਂਚ ਵਿੱਚ ਕੁਝ ਵਰਚੁਅਲ ਨੰਬਰਾਂ ਅਤੇ ਵੱਖ-ਵੱਖ ਸੋਸ਼ਲ ਮੀਡੀਆ ਤੋਂ ਆਈਆਂ ਕਾਲਾਂ ਦੇ ਸਬੂਤ ਮਿਲੇ ਹਨ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਹੋਏ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਆਰ ਐੱਸ ਐੱਸ ਆਗੂ ਦੇ ਪੁੱਤਰ ਕਤਲ ਕੇਸ ’ਚ ਇੱਕ ਹੋਰ ਕਾਬੂ
ਫ਼ਿਰੋਜ਼ਪੁਰ ( ਜਸਪਾਲ ਸੰਧੂ): ਸਥਾਨਕ ਪੁਲੀਸ ਨੇ ਅੱਜ ਪੁਲੀਸ ਮੁਕਾਬਲੇ ਮਗਰੋਂ ਆਰ ਐੱਸ ਐੱਸ ਆਗੂ ਦੇ ਪੁੱਤਰ ਨਵੀਨ ਅਰੋੜਾ ਨੂੰ ਕਤਲ ਕਰਨ ਦੇ ਕੇਸ ਵਿੱਚ ਮੁਲਜ਼ਮ ਗੁਰਸਿਮਰਨ ਸਿੰਘ ਉਰਫ਼ ਜਤਿਨ ਕਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਐੱਸ ਐੱਸ ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਨੂੰ ਸੂੁਚਨਾ ਮਿਲੀ ਸੀ ਕਿ ਗੁਰਸਿਮਰਨ ਸਿੰਘ ਇਲਾਕੇ ਵਿੱਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ’ਚ ਨਾਕੇ ਲਗਾ ਦਿੱਤੇ। ਇਸ ਦੌਰਾਨ ਪੁਲੀਸ ਨੇ ਪਿੰਡ ਆਰਿਫ ਕੇ ਨੇੜੇ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਹ ਰੁਕਣ ਦੀ ਬਜਾਇ ਮੋਟਰਸਾਈਕਲ ਭਜਾ ਕੇ ਲੈ ਗਿਆ। ਪੁਲੀਸ ਨੇ ਜਦੋਂ ਉਸ ਦਾ ਪਿੱਛਾ ਕੀਤਾ ਤਾਂ ਮੁਲਜ਼ਮ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਪੁਲੀਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਮੁਲਜ਼ਮ ਦੀ ਲੱਤ ਵਿੱਚ ਗੋਲੀ ਵੱਜੀ। ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾਖ਼ਲ ਕਰਵਾਇਆ। ਜ਼ਿਕਰਯੋਗ ਹੈ ਕਿ ਪੁਲੀਸ ਨੇ ਕੱਲ੍ਹ ਦੋ ਮੁਲਜ਼ਮਾਂ ਹਰਸ਼ ਅਤੇ ਕੰਨਵ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਨੁਸਾਰ ਇਹ ਮੁਲਜ਼ਮ ਨਵੀਨ ਅਰੋੜਾ ਦੇ ਕਤਲ ਵਿੱਚ ਸਾਜ਼ਿਸ਼ਕਰਤਾ ਹਨ।

