Abohar Murder case - Police Encounter: ਅਬੋਹਰ ਵਪਾਰੀ ਕਤਲ ਕੇਸ ਦੇ 2 ਮਸ਼ਕੂਕ ਪੁਲੀਸ ਮੁਕਾਬਲੇ ’ਚ ਹਲਾਕ
ਫਾਜ਼ਿਲਕਾ ਪੁਲੀਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਆਪਸੀ ਤਾਲਮੇਲ ਰਾਹੀਂ ਬੀਤੀ ਦੇਰ ਰਾਤ ਕੀਤੀ ਕਾਰਵਾਈ ਵਿੱਚ ਘਟਨਾ ਦੇ 24 ਘੰਟਿਆਂ ਦੇ ਅੰਦਰ-ਅੰਦਰ ਦੋ ਮੁਲਜ਼ਮਾਂ ਨੂੰ ਕਰ ਲਿਆ ਸੀ ਗ੍ਰਿਫ਼ਤਾਰ; ਮੁਲਜ਼ਮਾਂ ਨੂੰ ਹਥਿਆਰ ਬਰਾਮਦਗੀ ਲਈ ਲਿਜਾਏ ਜਾਣ ਵੇਲੇ ਵਾਪਰੀ ਪੁਲੀਸ ਮੁਕਾਬਲੇ ਦੀ ਘਟਨਾ
ਰਾਜ ਸਦੋਸ਼
ਅਬੋਹਰ, 8 ਜੁਲਾਈ
ਅਬੋਹਰ ਦੇ ਕਾਰੋਬਾਰੀ ਸੰਜੈ ਵਰਮਾ ਦੇ ਕਤਲ ਕੇਸ (murder of Abohar businessman Sanjay Verma) ਦੇ ਦੋ ਮਸ਼ਕੂਕ ਮੁਲਜ਼ਮ ਮੰਗਲਵਾਰ ਨੂੰ ਅਬੋਹਰ ਸ਼ਹਿਰ ਦੇ ਬਾਹਰਵਾਰ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ। ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਉਥੇ ਪਹਿਲਾਂ ਤੋਂ ਮੌਜੂਦ ਇਨ੍ਹਾਂ ਦੇ ਦੋ ਹੋਰ ਸਾਥੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲੀਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿਚ ਦੋਵੇਂ ਮੁਲਜ਼ਮ ਮਾਰੇ ਗਏ। ਇਨ੍ਹਾਂ ਦੀ ਪਛਾਣ ਪਟਿਆਲਾ ਦੇ ਰਾਮ ਰਤਨ ਅਤੇ ਮਰਦਾਂਪੁਰ ਦੇ ਜਸਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ। ਦੋਵਾਂ ਨੂੰ ਪੁਲੀਸ ਨੇ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਸੀ। ਸੰਜੈ ਵਰਮਾ ’ਤੇ ਗੋਲੀਆਂ ਚਲਾਉਣ ਵਾਲੇ ਤਿੰਨੋਂ ਸ਼ੂਟਰ ਫ਼ਿਲਹਾਲ ਫ਼ਰਾਰ ਹਨ ਤੇ ਪੁਲੀਸ ਵੱਲੋਂ ਉਨ੍ਹਾਂ ਦੀ ਪੈੜ ਨੱਪੀ ਜਾ ਰਹੀ ਹੈ।
ਗ਼ੌਰਤਲਬ ਹੈ ਕਿ ਅਬੋਹਰ ਦੇ ਮਸ਼ਹੂਰ ਨਿਊ ਵੀਅਰ ਵੈੱਲ ਐਂਪੋਰੀਅਮ (New Wear Well Emporium) ਦੇ ਸਹਿ ਮਾਲਕ ਸੰਜੈ ਵਰਮਾ ਦਾ ਸੋਮਵਾਰ ਨੂੰ ਉਸ ਦੇ ਸ਼ੋਅਰੂਮ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲੀਸ ਨੇ ਕਤਲ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ (ਜਿਨ੍ਹਾਂ ਸ਼ੂਟਰਾਂ ਦੀ ਭੱਜਣ ਵਿਚ ਮਦਦ ਕੀਤੀ ਸੀ) ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਸੀ। ਕਾਤਲ ਇੱਕ ਮੋਟਰਸਾਈਕਲ ਰਾਹੀਂ ਫਰਾਰ ਹੋ ਗਏ, ਜਿਸ ਦੀ ਮਦਦ ਇੱਕ ਸਾਥੀ ਨੇ ਕੀਤੀ ਜੋ ਨੇੜੇ ਹੀ ਉਡੀਕ ਕਰ ਰਿਹਾ ਸੀ। ਬਾਅਦ ਵਿੱਚ ਉਹ ਮੋਟਰਸਾਈਕਲ ਨੂੰ ਸੜਕ ਕਿਨਾਰੇ ਛੱਡ ਕੇ ਸੀਤੋ ਗੁੰਨੋ ਰੋਡ ਨੇੜੇ ਇੱਕ ਕਾਰ ਬੈਠ ਕੇ ਫ਼ਰਾਰ ਹੋ ਗਏ ਸਨ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ (Special Director General of Police (Law & Order) Arpit Shukla) ਨੇ ਅੱਜ ਬਾਅਦ ਦੁਪਹਿਰ ਅਪਰਾਧ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਸਾਰੇ ਦੋਸ਼ੀ ਜਲਦੀ ਹੀ ਪੁਲੀਸ ਹਿਰਾਸਤ ਵਿੱਚ ਹੋਣਗੇ।
ਪੰਜਾਬ ਪੁਲੀਸ ਦੇ ਕਈ ਵਿੰਗਾਂ ਅਤੇ ਟੀਮਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਅਤੇ ਜਾਂਚ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪੁੱਤਰ ਹਿਮਾਂਸ਼ੂ ਵਰਮਾ ਦੇ ਬਿਆਨ 'ਤੇ ਕੱਲ੍ਹ ਸਿਟੀ-1 ਥਾਣੇ ਵਿੱਚ ਬੀਐਨਐਸ ਦੀ ਧਾਰਾ 103, 3(5) ਅਤੇ ਅਸਲਾ ਐਕਟ ਦੀ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਅਜ਼ੀਮਗੜ੍ਹ ਦੇ ਸ਼ਕਤੀ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ।
ਜਾਂਚ ਦੌਰਾਨ ਦੋ ਮੁੱਖ ਮੁਲਜ਼ਮਾਂ - ਪਟਿਆਲਾ ਦੇ ਰਾਮ ਰਤਨ ਅਤੇ ਮਰਦਾਂਪੁਰ ਦੇ ਜਸਪ੍ਰੀਤ ਸਿੰਘ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਸੀ। ਦੇਰ ਰਾਤ ਤੱਕ ਚੱਲੇ ਇੱਕ ਤਾਲਮੇਲ ਵਾਲੇ ਆਪ੍ਰੇਸ਼ਨ ਵਿੱਚ ਫਾਜ਼ਿਲਕਾ ਪੁਲੀਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ (Fazilka Police and the Anti-Gangster Task Force - ADTF) ਨੇ ਘਟਨਾ ਦੇ 24 ਘੰਟਿਆਂ ਦੇ ਅੰਦਰ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਦੋਵਾਂ ਨੇ ਘਟਨਾ ਤੋਂ ਬਾਅਦ ਗੋਲੀਬਾਰੀ ਕਰਨ ਵਾਲਿਆਂ ਨੂੰ ਭੱਜਣ ਵਿੱਚ ਮਦਦ ਕੀਤੀ ਸੀ।
ਸ਼ੁਕਲਾ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਵੱਲੋਂ ਪਹਿਲਾਂ ਕਿਸੇ ਵੀ ਧਮਕੀ ਦੀ ਰਿਪੋਰਟ ਨਹੀਂ ਕੀਤੀ ਗਈ ਸੀ।