DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਪੱਛਮੀ ਜ਼ਿਮਨੀ ਚੋਣ ’ਚ ‘ਆਪ’ ਦੇ ਸੰਜੀਵ ਅਰੋੜਾ ਜੇਤੂ

ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫ਼ਰਕ ਨਾਲ ਹਰਾਇਆ
  • fb
  • twitter
  • whatsapp
  • whatsapp
Advertisement

ਗਗਨਦੀਪ ਅਰੋੜਾ

ਲੁਧਿਆਣਾ, 23 ਜੂਨ

Advertisement

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ’ਚ ਆਮ ਆਦਮੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ। ‘ਆਪ’ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੋ ਵਾਰ ਵਿਧਾਇਕ ਰਹੇ ਅਤੇ ਸਾਬਕਾ ਮੰਤਰੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੰਜੀਵ ਅਰੋੜਾ ਨੂੰ ਕੁੱਲ 35,179 ਵੋਟਾਂ ਮਿਲੀਆਂ। ਆਸ਼ੂ 24,542 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ 20,323 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜਮਾਨਤ ਜਬਤ ਹੋ ਗਈ। ਉਨ੍ਹਾਂ ਨੂੰ ਸਿਰਫ਼ 8,203 ਵੋਟਾਂ ਪਈਆਂ। ਜ਼ਿਮਨੀ ਚੋਣ ਵਿੱਚ 793 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ‘ਆਪ’ ਦੇ ਸੰਜੀਵ ਅਰੋੜਾ ਨੇ ਅੱਜ ਇਥੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਸਾਰ ਹੀ ਲੀਡ ਬਣਾ ਲਈ ਸੀ ਜੋ 14 ਰਾਊਂਡ ਪੂਰੇ ਹੋਣ ਤੱਕ ਕਾਇਮ ਰਹੀ। ਭਾਜਪਾ ਦੇ ਜੀਵਨ ਗੁਪਤਾ ਇਕ ਰਾਊਂਡ ’ਚ ਦੂਜੇ ਸਥਾਨ ’ਤੇ ਪਹੁੰਚ ਗਏ ਸਨ ਪਰ ਬਾਅਦ ’ਚ ਉਹ ਲਗਾਤਾਰ ਤੀਜੇ ਸਥਾਨ ’ਤੇ ਰਹੇ।

ਪਾਰਟੀ ਵਰਕਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਤੋਂ ਪਹਿਲਾਂ ਹੀ ਸਰਾਭਾ ਨਗਰ ਸਥਿਤ ਮੁੱਖ ਚੋਣ ਦਫ਼ਤਰ ਵਿੱਚ ਢੋਲ ਵਜਾ ਕੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ’ਆਪ’ ਦੇ ਮੁੱਖ ਆਗੂ ਇੰਨੇ ਭਰੋਸੇਮੰਦ ਸਨ ਕਿ ਉਨ੍ਹਾਂ ਵੋਟਾਂ ਦੀ ਗਿਣਤੀ ਦੇ ਵਿਚਕਾਰ ਹੀ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ। ਸੰਜੀਵ ਅਰੋੜਾ ਦੀ ਜਿੱਤ ਦੇ ਨਾਲ ਆਸ਼ੂ ਨੂੰ ਤਿੰਨ ਸਾਲਾਂ ਦੌਰਾਨ ਇਸ ਹਲਕੇ ਤੋਂ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਸ਼ੂ ਦੀ ਹਾਰ ਪਿੱਛੇ ਕਾਂਗਰਸ ਦੀ ਧੜੇਬੰਦੀ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ‘ਆਪ’ ਨੇ ਸੰਜੀਵ ਅਰੋੜਾ ਦੀ ਉਮੀਦਵਾਰੀ ਦਾ ਸਭ ਤੋਂ ਪਹਿਲਾਂ ਐਲਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਤਿੰਨ ਮਹੀਨਿਆਂ ਦੇ ਪ੍ਰਚਾਰ ਦੌਰਾਨ ਹਰ ਵਾਰਡ ਦਾ ਦੌਰਾ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਈ।

ਮੈਂ ਰਾਜ ਸਭਾ ’ਚ ਨਹੀਂ ਜਾ ਰਿਹਾ: ਕੇਜਰੀਵਾਲ

ਨਵੀਂ ਦਿੱਲੀ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਰਾਜ ਸਭਾ ਮੈਂਬਰ ਨਹੀਂ ਬਣਨ ਜਾ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਮਗਰੋਂ ਆਇਆ ਹੈ। ਸੰਜੀਵ ਅਰੋੜਾ ਨੂੰ ਹੁਣ ਰਾਜ ਸਭਾ ਤੋਂ ਅਸਤੀਫ਼ਾ ਦੇਣਾ ਪਵੇਗਾ। ਕੇਜਰੀਵਾਲ ਜਦੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਅਰੋੜਾ ਦੀ ਥਾਂ ’ਤੇ ਰਾਜ ਸਭਾ ਲਈ ‘ਆਪ’ ਕਿਸ ਨੂੰ ਨਾਮਜ਼ਦ ਕਰੇਗੀ ਤਾਂ ਉਨ੍ਹਾਂ ਕਿਹਾ, ‘‘ਮੈਨੂੰ ਤਾਂ ਪਹਿਲਾਂ ਹੀ ਕਈ ਵਾਰ ਰਾਜ ਸਭਾ ਭੇਜਿਆ ਜਾ ਚੁੱਕਿਆ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਹਾਂ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਤੈਅ ਕਰੇਗੀ ਕਿ ਕਿਸ ਨੂੰ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਜਾਵੇ।’’ ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਆਖਦੀਆਂ ਆ ਰਹੀਆਂ ਹਨ ਕਿ ਸੰਜੀਵ ਅਰੋੜਾ ਦੇ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਮਗਰੋਂ ਕੇਜਰੀਵਾਲ ਰਾਜ ਸਭਾ ਲਈ ਨਾਮਜ਼ਦ ਹੋ ਜਾਣਗੇ। ਕੇਜਰੀਵਾਲ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ’ਤੇ ਕਿਹਾ ਕਿ ਪੰਜਾਬ ’ਚ ਪਾਰਟੀ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। -ਪੀਟੀਆਈ

ਸਾਰੇ ਵਾਅਦੇ ਪੂਰੇ ਕਰਾਂਗੇ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ’ਚ ਜਿੱਤ ਸਰਕਾਰ ਦੇ ਕੰਮ ਪ੍ਰਤੀ ਲੋਕਾਂ ਦੀ ਸੰਤੁਸ਼ਟੀ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰ ਦੌਰਾਨ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਤਰਜੀਹ ਦੇ ਆਧਾਰ ’ਤੇ ਪੂਰੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ‘ਆਪ’ ਉਮੀਦਵਾਰ ਗੋਪਾਲ ਇਟਾਲੀਆ ਨੂੰ ਗੁਜਰਾਤ ਦੀ ਵਿਸਾਵਦਰ ਜ਼ਿਮਨੀ ਚੋਣ ਵਿੱਚ ਮਿਲੀ ਜਿੱਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

‘ਆਪ’ ਨੇ ਦੋ, ਭਾਜਪਾ, ਯੂਡੀਐੱਫ ਤੇ ਟੀਐੱਮਸੀ ਨੇ ਇਕ-ਇਕ ਸੀਟ ਜਿੱਤੀ

ਨਵੀਂ ਦਿੱਲੀ: ਦੇਸ਼ ਦੇ ਚਾਰ ਸੂਬਿਆਂ ਦੀਆਂ ਪੰਜ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ‘ਆਪ’ ਨੇ ਦੋ, ਕਾਂਗਰਸ ਦੀ ਅਗਵਾਈ ਹੇਠਲੇ ਯੂਡੀਐੱਫ, ਭਾਜਪਾ ਅਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਇਕ-ਇਕ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ‘ਆਪ’ ਦੇ ਗੋਪਾਲ ਇਟਾਲੀਆ ਨੇ ਗੁਜਰਾਤ ਦੀ ਵਿਸਾਵਦਰ ਸੀਟ ਜਿੱਤ ਲਈ ਜਦਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਦੀ ਸੀਟ ਨੂੰ ਆਪਣੇ ਕੋਲ ਬਰਕਰਾਰ ਰੱਖਿਆ ਹੈ। ਕਾਂਗਰਸ ਦੀ ਅਗਵਾਈ ਹੇਠਲੇ ਯੂਡੀਐੱਫ ਨੇ ਕੇਰਲਾ ’ਚ ਨਿਲਾਂਬਰ ਸੀਟ ਹੁਕਮਰਾਨ ਐੱਲਡੀਐੱਫ ਤੋਂ ਖੋਹ ਲਈ ਹੈ। ਗੁਜਰਾਤ ’ਚ ਹੁਕਮਰਾਨ ਭਾਜਪਾ ਨੇ ਕਡੀ ਅਤੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇ ਨਾਦੀਆ ਜ਼ਿਲ੍ਹੇ ਦੀ ਕਾਲੀਗੰਜ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ‘ਆਪ’ ਦੀ ਗੁਜਰਾਤ ਇਕਾਈ ਦੇ ਸਾਬਕਾ ਪ੍ਰਧਾਨ ਇਟਾਲੀਆ ਨੇ ਜੂਨਾਗੜ੍ਹ ਜ਼ਿਲ੍ਹੇ ਦੀ ਵਿਸਾਵਦਰ ਸੀਟ ’ਤੇ ਭਾਜਪਾ ਉਮੀਦਵਾਰ ਕਿਰਿਤ ਪਟੇਲ ਨੂੰ 17,554 ਵੋਟਾਂ ਦੇ ਫ਼ਰਕ ਨਾਲ ਹਰਾਇਆ। ਭਾਜਪਾ ਇਹ ਸੀਟ 2007 ਤੋਂ ਨਹੀਂ ਜਿੱਤ ਸਕੀ ਹੈ। ਤਤਕਾਲੀ ‘ਆਪ’ ਵਿਧਾਇਕ ਭੁਪੇਂਦਰ ਭਯਾਨੀ ਵੱਲੋਂ ਅਸਤੀਫ਼ਾ ਦੇ ਕੇ ਹੁਕਮਰਾਨ ਭਾਜਪਾ ’ਚ ਸ਼ਾਮਲ ਹੋਣ ਕਰਕੇ ਇਹ ਸੀਟ ਖਾਲੀ ਹੋਈ ਸੀ। ‘ਆਪ’ ਦੇ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਸੀਟ ’ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ। ਇਹ ਸੀਟ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਜਨਵਰੀ ’ਚ ਦੇਹਾਂਤ ਹੋਣ ਕਾਰਨ ਖਾਲੀ ਹੋਈ ਸੀ। ਭਾਜਪਾ ਦੇ ਰਾਜੇਂਦਰ ਚਾਵੜਾ ਨੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੀ ਕਡੀ ਸੀਟ ਤੋਂ ਜਿੱਤ ਹਾਸਲ ਕੀਤੀ। ਉਨ੍ਹਾਂ ਕਾਂਗਰਸ ਦੇ ਰਮੇਸ਼ ਚਾਵੜਾ ਨੂੰ 39,452 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕਡੀ ਸੀਟ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ। ਕੇਰਲਾ ’ਚ ਪਿਨਾਰਈ ਵਿਜਯਨ ਦੀ ਅਗਵਾਈ ਹੇਠਲੀ ਐੱਲਡੀਐੱਫ ਸਰਕਾਰ ਨੂੰ ਝਟਕਾ ਲੱਗਿਆ ਹੈ। ਕਾਂਗਰਸ ਦੀ ਅਗਵਾਈ ਹੇਠਲੇ ਯੂਡੀਐੱਫ ਨੇ ਨਿਲਾਂਬਰ ਸੀਟ ਜਿੱਤੀ। ਕਾਂਗਰਸ ਦੇ ਅਰਿਆਦਨ ਸ਼ੌਕਤ ਨੇ ਸੀਪੀਐੱਮ ਆਗੂ ਐੱਮ ਸਵਰਾਜ ਨੂੰ 11,077 ਵੋਟਾਂ ਦੇ ਫ਼ਰਕ ਨਾਲ ਹਰਾਇਆ। ਨਿਲਾਂਬਰ ਸੀਟ ਐੱਲਡੀਐੱਫ ਸਮਰਥਿਤ ਆਜ਼ਾਦ ਵਿਧਾਇਕ ਪੀਵੀ ਅਨਵਰ ਵੱਲੋਂ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਸੀ। ਪੱਛਮੀ ਬੰਗਾਲ ’ਚ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲਿਫ਼ਾ ਅਹਿਮਦ ਨੇ ਕਾਲੀਗੰਜ ਸੀਟ 50,049 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਈ। ਉਨ੍ਹਾਂ ਭਾਜਪਾ ਦੇ ਆਸ਼ੀਸ਼ ਘੋਸ਼ ਨੂੰ ਹਰਾਇਆ। -ਪੀਟੀਆਈ

ਗੁਜਰਾਤ ਕਾਂਗਰਸ ਮੁਖੀ ਗੋਹਿਲ ਨੇ ਅਸਤੀਫ਼ਾ ਦਿੱਤਾ

ਅਹਿਮਦਾਬਾਦ: ਗੁਜਰਾਤ ’ਚ ਕਡੀ ਅਤੇ ਵਿਸਾਵਦਰ ਸੀਟਾਂ ’ਤੇ ਹਾਰ ਮਗਰੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ਕਤੀਸਿੰਹ ਗੋਹਿਲ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਵੇਂ ਵਿਧਾਨ ਸਭਾ ਹਲਕਿਆਂ ’ਚ ਕਾਂਗਰਸ ਨੇ ਬਹੁਤ ਹੀ ਮਾੜਾ ਪ੍ਰਦਰਸ਼ਨ ਕੀਤਾ ਅਤੇ ਵਿਸਾਵਦਰ ਸੀਟ ’ਤੇ ਉਸ ਦਾ ਉਮੀਦਵਾਰ ਤੀਜੇ ਸਥਾਨ ’ਤੇ ਰਿਹਾ। ਨਤੀਜੇ ਆਉਣ ਮਗਰੋਂ ਗੋਹਿਲ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਨ੍ਹਾਂ ਆਪਣਾ ਅਸਤੀਫ਼ਾ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ। -ਪੀਟੀਆਈ

Advertisement
×