‘ਆਪ’ ਨੇ ਸੁਖਵਿੰਦਰ ਕਲਕੱਤਾ ਕਤਲ ਸਬੰਧੀ ਕਾਂਗਰਸ ’ਤੇ ਸੇਧੇ ਨਿਸ਼ਾਨੇ
ਮੁਲਜ਼ਮ ਡਿੰਪੀ ਬਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਡ਼ਿੰਗ ਦੀਆਂ ਤਸਵੀਰਾਂ ਕੀਤੀਆਂ ਜਨਤਕ
ਆਤਿਸ਼ ਗੁਪਤਾ
ਆਮ ਆਦਮੀ ਪਾਰਟੀ ਪੰਜਾਬ ਨੇ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਸਬੰਧੀ ਕਾਂਗਰਸ ’ਤੇ ਨਿਸ਼ਾਨੇ ਸੇਧੇ। ਇਸ ਸਬੰਧੀ ਅੱਜ ‘ਆਪ’ ਪੰਜਾਬ ਦੇ ਸੀਨੀਅਰ ਆਗੂ ਨੀਲ ਗਰਗ ਅਤੇ ਬਲਤੇਜ ਪੰਨੂ ਨੇ ਇੱਥੇ ਪਾਰਟੀ ਦਫ਼ਤਰ ਵਿੱਚ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਕੁਝ ਸਿਆਸੀ ਆਗੂ ਪੰਜਾਬ ਵਿੱਚ ਕਾਨੂੰਨ ਵਿਵਸਥਾ ’ਤੇ ਸਵਾਲ ਉਠਾਉਣ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਤਲ ਸਬੰਧੀ ਪੰਜਾਬ ਪੁਲੀਸ ਨੇ ਮੁਲਜ਼ਮ ਗੁਰਦੀਪ ਸਿੰਘ ਉਰਫ ਡਿੰਪੀ ਬਾਵਾ ਨੂੰ 24 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿੱਚ ਵਰਤਿਆ ਹਥਿਆਰ ਤੇ ਵਾਹਨ ਵੀ ਬਰਾਮਦ ਕਰ ਲਏ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਸੁਖਵਿੰਦਰ ਕਲਕੱਤਾ ਦੇ ਕਤਲ ਦੇ ਮੁੱਖ ਮਲਜ਼ਮ ਗੁਰਦੀਪ ਸਿੰਘ ਡਿੰਪੀ ਬਾਵਾ ਦੀਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਨਜ਼ਦੀਕੀਆਂ ਹਨ।
ਇਸ ਸਬੰਧੀ ਡਿੰਪੀ ਅਤੇ ਰਾਜਾ ਵੜਿੰਗ ਦੀਆਂ ਸਾਂਝੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਅਤੇ ਡਿੰਪੀ ਬਾਵਾ ਦੋਵੇਂ ਇੱਕੋ ਪਿੰਡ ਦੇ ਸਨ। ਉਨ੍ਹਾਂ ਦੀ ਨਿੱਜੀ ਅਤੇ ਰਾਜਸੀ ਦੁਸ਼ਮਣੀ 2018 ਦੀਆਂ ਸਰਪੰਚ ਚੋਣਾਂ ਤੋਂ ਸ਼ੁਰੂ ਹੋਈ ਸੀ, ਜਦੋਂ ਡਿੰਪੀ ਬਾਵਾ ਦੀ ਪਤਨੀ ਨੇ ਸੁਖਵਿੰਦਰ ਦੀ ਮਾਂ ਵਿਰੁੱਧ ਚੋਣ ਲੜੀ ਸੀ ਅਤੇ ਹਾਰ ਗਈ ਸੀ। ਪੰਚਾਇਤੀ ਜਾਇਦਾਦ, ਦਰੱਖਤਾਂ ਦੀ ਕਟਾਈ ਅਤੇ ਪਿੰਡ ਦੇ ਮਾਮਲਿਆਂ ਦੇ ਵਿਵਾਦਾਂ ਨੇ ਉਨ੍ਹਾਂ ਦੀ ਦੁਸ਼ਮਣੀ ਹੋਰ ਡੂੰਘੀ ਕਰ ਦਿੱਤੀ, ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਮੁਲਜ਼ਮ ਡਿੰਪੀ ਬਾਵਾ ਨਾਲ ਆਪਣੇ ਸਬੰਧਾਂ ਨੂੰ ਜਨਤਕ ਤੌਰ ’ਤੇ ਸਪੱਸ਼ਟ ਕਰਨਾ ਚਾਹੀਦਾ ਹੈ।