‘ਆਪ’ ਨੇ ਅਕਾਲੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ: ਹਰਸਿਮਰਤ
ਅਕਾਲੀ ਦਲ ਦੀ ੳੁਮੀਦਵਾਰ ਦੇ ਹੱਕ ’ਚ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ
ਗੁਰਬਖਸ਼ਪੁਰੀ
ਸੀਨੀਅਰ ਅਕਾਲੀ ਆਗੂ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਆਪ’ ਨੇ ਅਕਾਲੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਤਰੀਕੇ ਨਾਲ ਆਪਣੀ ਹਾਰ ਕਬੂਲ ਕਰ ਰਹੀ ਹੈ। ਉਹ ਅੱਜ ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਇਲਾਕੇ ਦੇ ਪਿੰਡ ਰਾਮ ਰੌਣੀ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਾਲੀ ਦਲ ਦੀ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਅਤੇ ਹੋਰ ਅਕਾਲੀ ਆਗੂਆਂ ਖ਼ਿਲਾਫ਼ ਕਥਿਤ ਝੂਠੇ ਕੇਸ ਦਰਜ ਕਰ ਕੇ ਆਪਣੀ ਹਾਰ ਕਬੂਲ ਲਈ ਹੈ। ਉਨ੍ਹਾਂ ਅੱਜ ਰਾਮ ਰੌਣੀ ਤੋਂ ਇਲਾਵਾ ਪਿੰਡ ਛੀਨਾ ਬਿਧੀ ਚੰਦ, ਬੁਰਜ, ਛਿਛਰੇਵਾਲ ਵਿੱਚ ਵੀ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ|
ਇਸ ਮੌਕੇ ਸੰਸਦ ਮੈਂਬਰ ਨੇ ਕਿਹਾ ਕਿ ਲੋਕਾਂ ਨੂੰ ਧਰਮੀ ਫ਼ੌਜੀ ਦੇ ਪਰਿਵਾਰ ਦੀ ਹਮਾਇਤ ਕਰਨੀ ਚਾਹੀਦੀ ਹੈ। ਇਹ ਪਰਿਵਾਰ ਸਮਾਜ ਸੇਵਾ ਲਈ ਦ੍ਰਿੜ੍ਹ ਹੈ, ਜਦੋਂਕਿ ਦੂਜੇ ਪਾਸੇ ‘ਆਪ’ ਦਾੇ ਉਮੀਦਵਾਰ ਹਰਮੀਤ ਸਿੰਘ ਸੰਧੂ ਹੈ, ਜੋ ਪ੍ਰਚਾਰ ਵਾਲੀਆਂ ਗੱਡੀਆਂ ਨਾਲ ਲਟਕ ਕੇ ਸੱਤਾ ਹਾਸਲ ਕਰਨੀ ਚਾਹੁੰਦਾ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਤ ਸਾਰੀਆਂ ਪਾਰਟੀਆਂ ਅਕਾਲੀ ਦਲ ਖ਼ਿਲਾਫ਼ ਇਕਜੁੱਟ ਹਨ। ਲੋਕ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰ ਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਪਸ਼ਟ ਸੰਦੇਸ਼ ਦੇਣ| ਪਿਛਲੀ ਕਾਂਗਰਸ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜ ਗਈ ਜਦੋਂਕਿ ‘ਆਪ’ ਦੀ ਸਰਕਾਰ ਤਾਂ ਕਿਸਾਨਾਂ ਨੂੰ ਮੁਆਵਜ਼ਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਮੁਕਰ ਗਈ, ਜਦੋਂਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਭ ਦੇ ਸਾਹਮਣੇ ਹੈ।
ਸ੍ਰੀਮਤੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਗ਼ਰੀਬਾਂ ਨੂੰ ਅਕਾਲੀ ਦਲ ਦੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਖੋਹ ਲਈਆਂ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ, ਕੰਚਨਪ੍ਰੀਤ ਕੌਰ, ਪਰਮਬੰਸ ਸਿੰਘ ਰੋਮਾਣਾ, ਗੌਰਵ ਵਲਟੋਹਾ, ਪਰਮਜੀਤ ਢਿੱਲੋਂ, ਮੱਖਣ ਲਾਲਕਾ, ਗੁਰਸੇਵਕ ਸਿੰਘ ਸ਼ੇਖ ਤੇ ਗਗਨਦੀਪ ਸਿੰਘ ਖੰਡੇਬਾਦ ਨੇ ਵੀ ਵਿਚਾਰ ਸਾਂਝੇ ਕੀਤੇ| ਉਨ੍ਹਾਂ ਆਪਣੇ ਅੱਜ ਆਪਣਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਸੁਰਸਿੰਘ ਦੇ ਡੇਰਾ ਬਾਬਾ ਬਿਧੀ ਚੰਦ ਵਿੱਚ ਮੱਥਾ ਟੇਕਿਆ|

