‘ਆਪ’ ਨੇ ਚੋਣਾਂ ’ਚ ਝੂਠੇ ਵਾਅਦੇ ਕੀਤੇ: ਕਰੀਮਪੁਰੀ
ਇੱਥੇ ਅਨਾਜ ਮੰਡੀ ’ਚ ਬਸਪਾ ਨੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਰੈਲੀ ਕੀਤੀ, ਜਿਸ ਮਗਰੋਂ ਧਰਨਾ ਦੇ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ ’ਚ ਜਾਮ ਲਾਇਆ ਗਿਆ। ਇਸ ਮੌਕੇ ਪੁੱਜੇ ਏਡੀਸੀ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ। ਬਸਪਾ ਵੱਲੋਂ ਇਹ ਧਰਨਾ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਪਟਿਆਲਾ ਦੇ ਵੱਖ-ਵੱਖ ਪਿੰਡਾਂ ਵਿੱਚ ਦਲਿਤਾਂ ’ਤੇ ਹੋ ਰਹੇ ਜ਼ੁਲਮਾਂ ਵਿਰੁੱਧ ਦਿੱਤਾ ਗਿਆ ਸੀ। ਇਸ ਮੌਕੇ ਸ੍ਰੀ ਕਰੀਮਪੁਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਬਦਲੀ ਸੀ ਪ੍ਰੰਤੂ ਇਹ ਹਕੂਮਤ ਵੀ ਨਿਕੰਮੀ ਹੀ ਸਾਬਤ ਹੋਈ ਹੈ। ‘ਆਪ’ ਵੱਲੋਂ ਚੋਣਾਂ ਵਿੱਚ ਕੀਤੇ ਗਏ ਵਾਅਦੇ ਝੂਠੇ ਨਿਕਲੇ। ਪੰਜਾਬ ਤੇ ਖ਼ਾਸ ਕਰਕੇ ਜ਼ਿਲ੍ਹਾ ਪਟਿਆਲਾ ਵਿੱਚ ਦਲਿਤਾਂ ਅਤੇ ਪਛੜੇ ਵਰਗ ’ਤੇ ਜ਼ੁਲਮ ਵਧੇ, ਝੂਠੇ ਕੇਸ ਦਰਜ ਹੋਏ ਅਤੇ ਕੁੱਟਮਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ। ਪਿੰਡ ਬਠੋਈ ਕਲਾਂ ਵਿੱਚ ਦਲਿਤਾਂ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਕੇ 11 ਲੱਖ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਹੁਣ ਤੱਕ ਕਬਜ਼ਾ ਨਹੀਂ ਦਿਵਾਇਆ ਗਿਆ।
ਭੂ-ਮਾਫ਼ੀਆ ਵੱਲੋਂ ਦਲਿਤਾਂ ਨੂੰ ਕੁੱਟਿਆ ਗਿਆ ਪਰ ਅੱਜ ਤੱਕ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ। ਇਸੇ ਤਰ੍ਹਾਂ ਪਿੰਡ ਮੰਡੋੜ ਵਿੱਚ ਹੋਇਆ ਜਦਕਿ ਪਿੰਡ ਭਾਂਖਰ ਵਿੱਚ ਦਲਿਤਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ। ਇਸ ਦੌਰਾਨ ਪਾਰਟੀ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ ਨੇ ਪਾਰਟੀ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ। ਬਸਪਾਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਪਛੜੇ ਸਮਾਜ ਨੂੰ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਪਟਿਆਲਾ ਜ਼ੋਨ ਦੇ ਇੰਚਾਰਜ ਲੈਕਚਰਾਰ ਅਮਰਜੀਤ ਸਿੰਘ ਜਲੂਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜੋਗਾ ਸਿੰਘ ਪਨੌਦੀਆ, ਡਾ. ਮੱਖਣ ਸਿੰਘ, ਜਗਜੀਤ ਸਿੰਘ ਛੜਬੜ, ਹਰਦੀਪ ਸਿੰਘ ਚੁੰਬਰ ਅਤੇ ਪਵਿੱਤਰ ਸਿੰਘ ਸੰਗਰੂਰ ਨੇ ਸੰਬੋਧਨ ਕੀਤਾ।