DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਆਪ’ ਆਗੂਆਂ ਵੱਲੋਂ ਬਗ਼ਾਵਤ ਕਰਕੇ ਸੂਬਾਈ ਧਰਨਾ

ਦਿੱਲੀ ਦੇ ਆਗੂਆਂ ’ਤੇ ਮਿਹਰਬਾਨ ਹੋਣ ਦੀਆਂ ਨੀਤੀਆਂ ਦਾ ਵਿਰੋਧ; ‘ਯੁੱਧ ਦਿੱਲੀ ਵਿਰੁੱਧ’ ਦੇ ਬੈਨਰ ਹੇਠ ਕੀਤਾ ਮੁਜ਼ਾਹਰਾ
  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਧਰਨਾ ਦਿੰਦੇ ਹੋਏ ‘ਆਪ’ ਦੇ ਬਾਗ਼ੀ ਆਗੂ ਤੇ ਵਰਕਰ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 1 ਜੂਨ

Advertisement

ਆਮ ਆਦਮੀ ਪਾਰਟੀ ’ਚ ਅੱਜ ਉਸ ਸਮੇਂ ਪਟਿਆਲਾ ਤੋਂ ਬਗ਼ਾਵਤ ਦਾ ਮੁੱਢ ਬੱਝਦਾ ਨਜ਼ਰ ਆਇਆ, ਜਦੋਂ ‘ਆਪ’ ਸਰਕਾਰ ਤੇ ਪਾਰਟੀ ਦੀਆਂ ਨੀਤੀਆਂ ਤੋਂ ਖਫ਼ਾ ਪੰਜਾਬ ਦੇ ਕਈ ਆਗੂਆਂ ਨੇ ਸ਼ਾਹੀ ਸ਼ਹਿਰ ਵਿੱਚ ਸੂਬਾਈ ਧਰਨਾ ਦੇ ਕੇ ‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ਼ ’ਤੇ ‘ਯੁੱਧ ਦਿੱਲੀ ਵਿਰੁੱਧ’ ਦੇ ਬੈਨਰ ਹੇਠ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ। ਹਾਲਾਂਕਿ, ਪਾਰਟੀ ਹਾਈ ਕਮਾਨ ਨੇ ਇਸ ਧਰਨੇ ਦੀ ਅਗਵਾਈ ਕਰਨ ਵਾਲੀ ‘ਆਪ’ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਪ੍ਰੀਤੀ ਮਲਹੋਤਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਮਹਿਲਾ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਅਮਨਦੀਪ ਕੌਰ ਨੂੰ ਸੂਬਾਈ ਪ੍ਰਧਾਨਗੀ ਦਾ ਵਾਧੂ ਚਾਰਜ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਧਰਨੇ ’ਚ ਪ੍ਰੀਤੀ ਮਲਹੋਤਰਾ ਤੋਂ ਇਲਾਵਾ ‘ਆਪ’ ਦੇ ਬੁੱਧੀਜੀਵੀ ਵਿੰਗ ਦੇ ਸੂਬਾਈ ਪ੍ਰਧਾਨ ਮੇਜਰ ਰਮਨਪਾਲ ਸਿੰਘ ਮਲਹੋਤਰਾ, ਸੂਬਾਈ ਆਗੂ ਐਡਵੋਕੇਟ ਪ੍ਰ੍ਰਭਜੀਤਪਾਲ ਸਿੰਘ, ਜਲੰਧਤ ਤੋਂ ਮਹਿਲਾ ਵਿੰਗ ਦੀ ਸੂਬਾ ਸੰਯੁਕਤ ਸਕੱਤਰ ਸੁਖ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਪਰਵੀਨ ਕੌਰ ਵਿਰਦੀ, ਟਰਾਂਸਪੋਰਟ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਬਲਜੀਤ ਸ਼ਰਮਾ, ਲੇਬਰ ਵਿੰਗ ਦੇ ਸੂਬਾਈ ਸੰਯੁਕਤ ਸਕੱਤਰ ਡਾ. ਪਰਦੀਪ ਰਾਣਾ ਫਿਰੋਜ਼ਪੁਰ, ‘ਆਪ’ ਦੇ ਬਰਨਾਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਐੱਸਸੀ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੋਮ ਸਿੰਘ, ਪਾਰ ਵਿੰਗ ਮੌੜ ਦੇ ਕੋ-ਕੋਆਰਡੀਨੇਟਰ ਕ੍ਰਿਸ਼ਨ ਲਾਲ ਸ਼ਰਮਾ, ਅਮਰਜੀਤ ਭਾਟੀਆ ਪਟਿਆਲਾ, ਪ੍ਰੀਤੀ ਪਟਿਆਲਾ, ਪੁਸ਼ਪਿੰਦਰ ਜਿੰਦਲ, ਪਰਮਿੰਦਰ ਬਰਾੜ ਜਲੰਧਰ, ਇੰਦਰਜੀਤ ਮੌਦਗਿਲ ਦਿੜ੍ਹਬਾ, ਗੁਰਜਿੰਦਰ ਦਿੜ੍ਹਬਾ, ਨਵਜੋਤ ਮਹਿਤਾ ਹੁਸ਼ਿਆਰਪੁਰ, ਪਰਦੀਪ ਮਹਿਤਾ ਲੁਧਿਆਣਾ, ਇਕਬਾਲ ਸਿੰਘ ਮੁਹਾਲੀ, ਕਰਮਜੀਤ ਸਿੰਘ ਪਟਿਆਲਾ, ਅਮਰੀਕ ਸੰਗਤੀਵਾਲਾ ਦਿੜ੍ਹਬਾ, ਇੰਦਰਜੀਤ ਮੌਦਗਿੱਲ ਦਿੜ੍ਹਬਾ, ਰਾਜਵੰਤ ਸੰਧੂ ਅਤੇ ਬਲਜੀਤ ਸ਼ਰਮਾ ਆਦਿ ਵੀ ਸ਼ਾਮਲ ਰਹੇ।

ਪ੍ਰੀਤੀ ਮਲਹੋਤਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਵਰਕਰਾਂ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੁਰਾਣੇ ਵਰਕਰਾਂ ਦੀ ਪਾਰਟੀ ’ਚ ਕੋਈ ਪੁੱਛ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਲਿਆਂ ਨੂੰ ਨਜ਼ਰ ਅੰਦਾਜ਼ ਕਰਕੇ ਦਿੱਲੀ ਵਾਲਿਆਂ ਨੂੰ ਚੇਅਰਮੈਨੀਆਂ ਅਤੇ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਪਿਛਲੇ ਦਿਨੀਂ ਦਿੱਲੀ ਵਾਸੀ ਰੀਨਾ ਗੁਪਤਾ ਨੂੰ ਦਿੱਤੀ ਚੇਅਰਮੈਨੀ ’ਤੇ ਵੀ ਇਤਰਾਜ਼ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਵਿਚਲੀਆਂ ਮਹਿਲਾਵਾਂ ਨੂੰ ‘ਆਪ’ ਦੇ ਯੋਗ ਕਿਉਂ ਨਹੀਂ ਸਮਝਿਆ ਜਾਂਦਾ। ਉਨ੍ਹਾਂ ਕਿਹਾ ਕਿ ਪਾਰਟੀ ’ਚ ਕਈ ਆਗੂ ਤੇ ਵਰਕਰ ਕਾਫ਼ੀ ਸਮੇਂ ਤੋਂ ਘੁਟਣ ਮਹਿਸੂੁਸ ਕਰ ਰਹੇ ਹਨ, ਪਰ ਮੁੱਢ ਬੰਨ੍ਹਣ ਮਗਰੋਂ ਕਈ ਹੋਰ ਲੋਕ ਵੀ ਪਾਰਟੀ ਖਿਲਾਫ਼ ਨਿੱਤਰਨਗੇ।

ਬਾਹਰਲਿਆਂ ਨੂੰ ਚੇਅਰਮੈਨੀਆਂ ਦੇਣਾ ਪੰਜਾਬ ਵਾਸੀਆਂ ਦਾ ਨਿਰਾਦਰ: ਮਲਹੋਤਰਾ

ਬੁੱਧੀਜੀਵੀ ਵਿੰਗ ਦੇ ਸੂਬਾਈ ਪ੍ਰਧਾਨ ਮੇਜਰ ਆਰਪੀਐੱਸ ਮਲਹੋਤਰਾ ਨੇ ਕਿਹਾ ਕਿ ਜਿਹੜੀ ਪਾਰਟੀ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਬਣੀ ਸੀ, ਅੱਜ ਉਸੇ ਪਾਰਟੀ ਨੂੰ ਖੜ੍ਹੀ ਕਰਨ ਵਾਲੇ ਵਰਕਰਾਂ ਦੀ ਹੀ ਕੋਈ ਸਾਰ ਨਹੀਂ ਲੈ ਰਿਹਾ, ਬਲਕਿ ਦਿੱਲੀ ਵਾਲਿਆਂ ਨੂੰ ਅੱਗੇ ਲਿਆ ਕੇ ਵਰਕਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਚੇਅਰਮੈਨੀਆਂ ਪੰਜਾਬ ਤੋਂ ਬਾਹਰਲਿਆਂ ਨੂੰ ਦੇ ਕੇ ਪੰਜਾਬ ਵਾਸੀਆਂ ਦਾ ਨਿਰਾਦਰ ਕੀਤਾ ਗਿਆ ਹੈ।

Advertisement
×