ਸਰਕਾਰੀ ਮੁਲਾਜ਼ਮ ਨਾਲ ਹੱਥੋ-ਪਾਈ ਕਰਨ ਵਾਲਾ ‘ਆਪ’ ਆਗੂ ਗ੍ਰਿਫ਼ਤਾਰ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 22 ਜੂਨ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਸਰਕਾਰੀ ਮੁਲਾਜ਼ਮ ਨਾਲ ਡਿਊਟੀ ਦੌਰਾਨ ਹੱਥੋਪਾਈ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ ਸਿਟੀ ਥਾਣਾ ਰਾਜਪੁਰਾ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 5ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਦੇ ਮੁਲਾਜ਼ਮ ਜਸਵੀਰ ਸਿੰਘ ਨੇ ਥਾਣਾ ਸਿਟੀ ਦੀ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਪੈਪਸੂ ਨਗਰ ਵਿਕਾਸ ਬੋਰਡ ਰਾਜਪੁਰਾ ਵੱਲੋਂ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਕੁਝ ਰਿਹਾਇਸ਼ੀ ਅਤੇ ਵਪਾਰਕ ਪਲਾਟ ਬੋਲੀ ਰਾਹੀਂ ਸਾਲ 2021 ਵਿੱਚ ਵੇਚੇ ਗਏ ਸਨ। ਇਨ੍ਹਾਂ ਪਲਾਟਾਂ ’ਤੇ ਤਿੰਨ ਸਾਲ ਵਿੱਚ ਉਸਾਰੀ ਕਰਨ ਦੀ ਸ਼ਰਤ ਸੀ। ‘ਆਪ’ ਆਗੂ ਸ਼ੇਰ ਸਿੰਘ ਵਾਸੀ ਕੈਲੀਬਰ ਮਾਰਕੀਟ ਰਾਜਪੁਰਾ ਹਾਲ ਵਾਸੀ ਪਿੰਡ ਇਸਲਾਮਪੁਰ ਨੇ ਪਲਾਟ ਨੰਬਰ 3 ਬੋਲੀ ਰਾਹੀਂ ਖਰੀਦਿਆ ਸੀ।
ਉਸ ਨੇ ਪੈਪਸੂ ਨਗਰ ਵਿਕਾਸ ਬੋਰਡ ਦੀਆਂ ਸ਼ਰਤਾਂ ਅਨੁਸਾਰ ਖਰੀਦ ਕੀਤੇ ਪਲਾਟ ਦੀ ਤਿੰਨ ਸਾਲ ਵਿੱਚ ਉਸਾਰੀ ਨਹੀਂ ਕੀਤੀ ਅਤੇ ਨਾ ਹੀ ਵਾਧਾ ਲੈਣ ਲਈ ਫੀਸ ਜਮ੍ਹਾਂ ਕਰਵਾਈ। ਉਸ ਨੇ ਦੱਸਿਆ ਕਿ ਜਦੋਂ ਉਹ ਸਬੰਧਤ ਪਲਾਟਾਂ ਵਿੱਚ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਪਲਾਟ ਨੰਬਰ ਦੋ ਅਤੇ ਤਿੰਨ ਦੀ ਉਸਾਰੀ ’ਤੇ ਰੋਕ ਹੋਣ ਦੇ ਬਾਵਜੂਦ ਉਥੇ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਸੀ। ਜਦੋਂ ਉਸ ਵੱਲੋਂ ਉਸਾਰੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਉੱਤੇ ਸ਼ੇਰ ਸਿੰਘ ਆ ਗਿਆ ਅਤੇ ਉਸ ਨੇ ਉਸ ਨਾਲ ਹੱਥੋਪਾਈ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਥਾਣਾ ਸਿਟੀ ਪੁਲੀਸ ਨੇ ‘ਆਪ’ ਆਗੂ ਸ਼ੇਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।