ਦਲਿਤਾਂ ’ਤੇ ਜ਼ੁਲਮ ਕਰਨ ਵਾਲਿਆਂ ਦੇ ਹੱਕ ’ਚ ਆਈ ‘ਆਪ’: ਸਾਂਪਲਾ
ਸਾਬਕਾ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ’ਤੇ ਸੇਧੇ ਨਿਸ਼ਾਨੇ; ਅਨੁਸੂਚਿਤ ਜਾਤੀ ਵਰਗ ਦੇ ਨਾਮ ’ਤੇ ਸਿਆਸਤ ਕਰਨ ਦਾ ਦੋਸ਼
ਸਾਬਕਾ ਕੇਂਦਰੀ ਮੰਤਰੀ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਵਿਜੈ ਸਾਂਪਲਾ ਨੇ ‘ਆਪ’ ਸਰਕਾਰ ’ਤੇ ਦਲਿਤਾਂ ਵਿਰੁੱਧ ਜ਼ੁਲਮ ਕਰਨ ਵਾਲਿਆਂ ਦੀ ਰੱਖਿਆ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਿਰਫ਼ ਅਨੁਸੂਚਿਤ ਜਾਤੀ ਵਰਗ ਦੇ ਨਾਮ ’ਤੇ ਸਿਆਸਤ ਕਰ ਰਹੀ ਹੈ। ‘ਆਪ’ ਨੇ ਦਲਿਤ ਮਹਿਲਾ ਨਾਲ ਮਾਰਕੁੱਟ ਦੇ ਮਾਮਲੇ ਵਿੱਚ ਚਾਰ ਸਾਲ ਦੀ ਸਜ਼ਾ ਯਾਫ਼ਤਾ ਵਿਧਾਇਕ ਨੂੰ ਨਾ ਤਾ ਪਾਰਟੀ ’ਚੋਂ ਕੱਢਿਆ ਅਤੇ ਨਾ ਵਿਧਾਨ ਸਭਾ ਤੋਂ ਅਯੋਗ ਐਲਾਨਿਆ ਹੈ; ਉਸ ਨੂੰ ਜੇਲ੍ਹ ਵਿੱਚ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਮਾਰਚ 2024 ਦੀ ਵਿਧਾਨ ਸਭਾ ਬੈਠਕ ਦੌਰਾਨ ਦਲਿਤ ਵਿਧਾਇਕ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਜਿੱਤ ਤੋਂ ਸਾਢੇ ਤਿੰਨ ਸਾਲ ਬਾਅਦ ਵੀ ਅਜਿਹਾ ਨਹੀਂ ਕੀਤਾ। ਇਸ ਤੋਂ ਇਲਾਵਾ ‘ਆਪ’ ਦੇ ਰਾਜ ਸਭਾ ਮੈਂਬਰਾਂ ਵਿੱਚੋਂ ਇਕ ਵੀ ਦਲਿਤ ਨਹੀਂ ਹੈ।
ਮਈ 2025 ਵਿੱਚ ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਮਰਨ ਵਾਲੇ 30 ਵਿੱਚੋਂ 16 ਮਜ਼੍ਹਬੀ ਸਿੱਖ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਅਤੇ ਲੁਧਿਆਣਾ ਦੀ ਘਟਨਾ ਵਿੱਚ ਵੀ ਐੱਸ ਸੀ ਤੇ ਐੱਸ ਟੀ ਐਕਟ ਲਾਗੂ ਨਹੀਂ ਕੀਤਾ ਗਿਆ। ‘ਆਪ’ ਦੇ ਰਾਜ ਵਿੱਚ ਅੰਮ੍ਰਿਤਸਰ ਤੇ ਫਿਲੌਰ ਸਣੇ ਕਈ ਥਾਵਾਂ ’ਤੇ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਤੋੜੇ ਗਏ। ‘ਆਪ’ ਅਨੁਸੂਚਿਤ ਜਾਤੀ ਵਰਗ ਦੇ ਨਾਮ ’ਤੇ ਸਿਰਫ਼ ਸਿਆਸਤ ਕਰ ਰਹੀ ਹੈ; ਉਨ੍ਹਾਂ ਦੀ ਰਾਖੀ ਲਈ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ।