ਪੰਜਾਬ ’ਚ ਹੜ੍ਹਾਂ ਲਈ ‘ਆਪ’ ਸਰਕਾਰ ਜ਼ਿੰਮੇਵਾਰ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਨੇ ਹਡ਼੍ਹ ਪ੍ਰਭਾਵਿਤ ਇਲਾਕਿਆਂ ਲਈ ਸੌ ਟਰੱਕ ਮੱਕੀ ਦਾ ਅਚਾਰ ਭੇਜਿਆ
ਇੱਥੋਂ ਨੇੜਲੇ ਪਿੰਡ ਵੜਿੰਗ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕਰੀਬ 100 ਟਰੱਕ ਮੱਕੀ ਦਾ ਅਚਾਰ ਜਲੰਧਰ, ਤਰਨ ਤਾਰਨ, ਅਜਨਾਲਾ ਅਤੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪਸ਼ੂ ਪਾਲਕਾਂ ਲਈ ਭੇਜਿਆ ਹੈ। ਅਕਾਲੀ ਦਲ ਵੱਲੋਂ ਭੇਜੇ ਅਚਾਰ ਦੀ ਕੀਮਤ ਅੱਠ ਕਰੋੜ ਰੁਪਏ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪੀੜਤ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਹੜ੍ਹਾਂ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹਾਂ ਤੋਂ ਬਾਅਦ ਢੁੱਕਵੇਂ ਰਾਹਤ ਪ੍ਰਬੰਧ ਕਰਨ ’ਚ ਅਸਫਲ ਰਹੇ ਹਨ। ਇਹ ਹੜ੍ਹ ਰਣਜੀਤ ਸਾਗਰ ਡੈਮ ਅਤੇ ਮਾਧੋਪੁਰ ਹੈੱਡਵਰਕਸ ’ਤੇ ਕੁ-ਪ੍ਰਬੰਧਾਂ ਕਾਰਨ ਆਏ ਹਨ। ਇਨ੍ਹਾਂ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ। ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਣ ਦੀ ਰਿਪੋਰਟ ਦੱਸਦੀ ਹੈ ਕਿ ਹੜ੍ਹਾਂ ਤੋਂ ਪਹਿਲਾਂ ਪਾਣੀ ਨਹੀਂ ਛੱਡਿਆ ਬਲਕਿ ਪਾਣੀ ਉਸ ਵੇਲੇ ਛੱਡਿਆ ਗਿਆ ਜਦੋਂ ਇਹ ਖ਼ਤਰੇ ਦਾ ਨਿਸ਼ਾਨ ਟੱਪ ਗਿਆ ਸੀ। ਇਸ ਮਗਰੋਂ ਤਿੰਨ ਦਿਨਾਂ ਵਿੱਚ ਦੋ ਲੱਖ ਕਿਊਸਕ ਪਾਣੀ ਛੱਡਣ ਕਾਰਨ ਵੱਡੇ ਪੱਧਰ ’ਤੇ ਫ਼ਸਲਾਂ ਬਰਬਾਦ ਹੋ ਗਈਆਂ। ਇਸੇ ਤਰੀਕੇ ਮਾਧੋਪੁਰ ਹੈੱਡਵਰਕਸ ’ਤੇ ਮੁਰੰਮਤ ਦੇ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਜਦੋਂ ਤਿੰਨ ਲੱਖ ਕਿਊਸਕ ਪਾਣੀ ਇੱਕੋ ਵਾਰ ਛੱਡਿਆ ਤਾਂ ਹੈੱਡਵਰਕਸ ਦੇ ਗੇਟ ਟੁੱਟ ਗਏ ਜਿਸ ਕਰ ਕੇ ਹੜ੍ਹ ਆਏ।
ਸ੍ਰੀ ਬਾਦਲ ਨੇ ਕਿਹਾ ਕਿ ਹੁਣ ਹੜ੍ਹਾਂ ਤੋਂ ਬਾਅਦ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਅਤੇ ਹੋਰ ਪ੍ਰਬੰਧਾਂ ਵਿੱਚ ਰਾਜਨੀਤੀ ਹੋ ਰਹੀ ਹੈ, ਜਿਸ ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਡੀਜ਼ਲ, ਮੱਕੀ ਦਾ ਅਚਾਰ, ਤੂੜੀ ਅਤੇ ਕਣਕ ਦੀ ਬਿਜਾਈ ਲਈ ਦੋ ਲੱਖ ਏਕੜ ਰਕਬੇ ਵਾਸਤੇ ਮਿਆਰੀ ਬੀਜ ਦਿੱਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤਜਿੰਦਰ ਸਿੰਘ ਮਿੱਡੂ ਖੇੜਾ, ਹਰਪ੍ਰੀਤ ਸਿੰਘ ਕੋਟਭਾਈ, ਮਨਜਿੰਦਰ ਸਿੰਘ ਬਿੱਟੂ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਹਨੀ ਫੱਤਣਵਾਲਾ, ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਮਨਜਿੰਦਰ ਮਾਨ ਵੀ ਮੌਜੂਦ ਸਨ।
ਲਾਗਤ ਮੁੱਲ ’ਤੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ: ਵੜਿੰਗ
ਮੱਕੀ ਦਾ ਇਹ ਅਚਾਰ ਇੱਥੋਂ ਨੇੜਲੇ ਪਿੰਡ ਵੜਿੰਗ ਵਿੱਚ ਸਥਿਤ ਨਿੱਜੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਮੁਖੀ ਨੰਦ ਸਿੰਘ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਲਾਗਤ ਮੁੱਲ ਉੱਪਰ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਇਹ ਅਚਾਰ ਦੀ ਸੇਵਾ ਕੀਤੀ ਹੈ।