ਨਸ਼ਿਆਂ ਦੇ ਖ਼ਾਤਮੇ ਲਈ ਮਿੱਥਿਆ ਟੀਚਾ ਸਰ ਨਾ ਕਰ ਸਕੀ ‘ਆਪ’ ਸਰਕਾਰ: ਵੜਿੰਗ
ਸਰਬਜੀਤ ਸਿੰਘ ਭੰਗੂ
ਬਹਾਦਰਗੜ੍ਹ/ਜਲਾਲਪੁਰ (ਸਨੌਰ), 31 ਮਈ
ਕਾਂਗਰਸ ਪਾਰਟੀ ਨੇ ਅੱਜ ਵਿਧਾਨ ਸਭਾ ਹਲਕਾ ਸਨੌਰ ਅਧੀਨ ਆਉਂਦੇ ਕਸਬਾ ਬਹਾਦਰਗੜ੍ਹ ਵਿੱਚ ‘ਸੰਵਿਧਾਨ ਬਚਾਓ ਰੈਲੀ’ ਕੀਤੀ। ਇਸ ਦੌਰਾਨ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ 31 ਮਈ ਤੱਕ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਮਿੱਥਿਆ ਟੀਚਾ ਵੀ ਪੰਜਾਬ ਸਰਕਾਰ ਸਰ ਨਾ ਕਰ ਸਕੀ। ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੇ ਕੈਨੇਡੀਅਨ ਮਾਡਲ ਦੇ ਅਧਿਐਨ ਦੀ ਵਕਾਲਤ ਕਰਦਿਆਂ ਉਨ੍ਹਾਂ ਚਿੱਟੇ (ਹੈਰੋਇਨ) ਦੀਆਂ ਜੜ੍ਹਾਂ ਨਸ਼ਟ ਕਰਨ ਲਈ ਹਾਲ ਦੀ ਘੜੀ ਅਫੀਮ ਤੇ ਭੁੱਕੀ ਨੂੰ ਅਪਣਾਉਣ ਸਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ’ਤੇ ਜ਼ੋਰ ਦਿੱਤਾ। ਇਸ ਮੌਕੇ ਵੜਿੰਗ ਨੇ ਤਰਕ ਦਿੱਤਾ ਕਿ ਇਸ ਦੌਰਾਨ ਮਾਹਿਰਾਂ, ਬੁੱਧੀਜੀਵੀਆਂ ਅਤੇ ਡਾਕਟਰਾਂ ਸਣੇ ਹੋਰ ਗਿਆਨਵਾਨ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਕੇ ਬਹਿਸ ਕਰਨੀ ਚਾਹੀਦੀ ਹੈ।
ਮਗਰੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਜਰੀਵਾਲ ਤੇ ਕੇਂਦਰ ਸਰਕਾਰ ਨੂੰ ਆਰਐੱਸਐੱਸ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਦੋਵੇਂ ਹਕੂਮਤਾਂ ਸੰਵਿਧਾਨ ਨੂੰ ਕਮਜ਼ੋਰ ਕਰ ਰਹੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਨੂੰ ਵੱਡੀ ਜ਼ਿੰਮੇਵਾਰੀ ਨਹੀਂ ਮਿਲਣੀ ਚਾਹੀਦੀ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਵਿੰਦਰ ਡਾਲਵੀਆ ਨੇ ਰਾਜਾ ਵੜਿੰਗ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਸਾਢੇ ਨੌਂ ਸਾਲ ਮੁੱਖ ਮੰਤਰੀ ਦਾ ਅਹੁਦਾ ਮਾਣ ਕੇ ਉਨ੍ਹਾਂ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਿਆ।
ਇਸ ਮੌਕੇ ਐੱਮਪੀ ਡਾ. ਧਰਮਵੀਰ ਗਾਂਧੀ, ਹਰਦਿਆਲ ਕੰਬੋਜ, ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਮੋਹਿਤ ਮਹਿੰਦਰਾ, ਮਹਿਲਾ ਕਾਂਗਰਸ ਦੀ ਸੂਬਾਈ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਗੁਰਿੰਦਰ ਢਿੱਲੋਂ, ਹੈਰੀਮਾਨ, ਸਾਧੂ ਸਿੰਘ ਧਰਮਸੋਤ, ਕੁਲਜੀਤ ਨਾਗਰਾ, ਨਿਰਮਲ ਸ਼ੁਤਰਾਣਾ, ਹਰਵਿੰਦਰ ਖਨੌੜਾ, ਜੌਲੀ ਜਲਾਲੁਪਰ, ਨਿਰਮਲ ਭੱਟੀਆਂ, ਵਿਸ਼ਨੂੰ ਸ਼ਰਮਾ, ਕੈਪਟਨ ਸੰਦੀਪ, ਰਾਜੇਸ਼ ਮੰਡੋਰਾ, ਬਲਿਹਾਰ ਸ਼ਮਸ਼ਪੁਰ ਤੇ ਸੰਦੀਪ ਸਿੰਗਲਾ ਮੌਜੂਦ ਰਹੇ।