ਗੁਰਬਖ਼ਸ਼ਪੁਰੀ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਕਾਰਕੁਨਾਂ ਨੇ ਜ਼ਿਮਨੀ ਚੋਣ ਲਈ ‘ਆਪ’ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਦਾ ਘਿਰਾਓ ਕੀਤਾ।
ਉਨ੍ਹਾਂ ਸਰਕਾਰ ’ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਏ। ਇਸ ਦੌਰਾਨ ਸ਼ਹਿਰ ਵਿਚ ਪ੍ਰਦਰਸ਼ਨ ਕਰ ਕੇ ਝੰਡਾ ਮਾਰਚ ਕੀਤਾ ਗਿਆ। ਕਰੀਬ 500 ਵਾਹਨਾਂ ਦਾ ਕਾਫ਼ਲਾ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਪਿੰਡਾਂ ’ਚੋਂ ਹੁੰਦਾ ਹੋਇਆ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਘਿਰਾਓ ਲਈ ਪੁੱਜਿਆ।
ਮੁਲਾਜ਼ਮ ਆਗੂ ਗੁਰਮੇਲ ਸਿੰਘ ਵਿਰਕ, ਜਰਨੈਲ ਪੱਟੀ ਤੇ ਹਰਜਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਐੱਨ ਪੀ ਐੱਸ ਕਰਮਚਾਰੀਆਂ ਨਾਲ ਚੋਣ ਵਾਅਦਾ ਕੀਤਾ ਸੀ ਕਿ ‘ਆਪ’ ਸਰਕਾਰ ਬਣਦਿਆਂ ਹੀ ਛੇ ਮਹੀਨਿਆਂ ਦੇ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਅੱਜ ਸਾਢੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਅਧੂਰੇ ਨੋਟੀਫਿਕੇਸ਼ਨ ਤੋਂ ਸਿਵਾਏ ਕੁਝ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਫੋਕੀ ਇਸ਼ਤਿਹਾਰਬਾਜ਼ੀ ਲਈ 341 ਕਰੋੜ ਰੁਪਏ ਫੂਕ ਦਿੱਤੇ ਪਰ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿਸ ਕਾਰਨ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਵਿੱਚ ਸਰਕਾਰ ਖਿਲਾਫ਼ ਰੋਸ ਹੈ ਅਤੇ ਇਸ ਰੋਸ ਤੇ ਗੁੱਸੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਹੈ। ਇਸ ਝੰਡੇ ਮਾਰਚ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੇ ਨਾਲ ਹੋਏ ਵਿਸ਼ਵਾਸਘਾਤ ਸਬੰਧੀ ਪੋਸਟਰ ਵੀ ਵੰਡੇ ਤਾਂ ਜੋ ਵੋਟਰ ਆਪਣੀ ਜਾਗਰੂਕ ਹੋ ਕੇ ਸਰਕਾਰ ਨੂੰ ਸਬਕ ਸਿਖਾਉਣ। ਇਸ ਮੌਕੇ ਦਰਸ਼ਨ ਅਲੀਸ਼ੇਰ, ਗੁਰਦਿਆਲ ਮਾਨ, ਹਰਪ੍ਰੀਤ ਬਰਾੜ, ਸੁਰਜੀਤ ਰਾਜਾ, ਸੰਜੀਵ ਧੂਤ, ਪ੍ਰਭਜੀਤ ਸਿੰਘ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼, ਗੁਰਤੇਜ ਖਹਿਰਾ, ਹਿੰਮਤ ਸਿੰਘ ਪਟਿਆਲਾ, ਕੁਲਦੀਪ ਵਾਲੀਆ, ਸਰਬਜੀਤ ਪੂਨਾਂਵਾਲ, ਨਿਰਮਲ ਮੋਗਾ, ਪਰਮਿੰਦਰ ਕਪੂਰਥਲਾ, ਪ੍ਰੇਮ ਠਾਕੁਰ, ਗੁਰਿੰਦਰਪਾਲ ਖੇੜੀ, ਬਲਵਿੰਦਰ ਲੋਧੀਪੁਰ, ਕੁਲਜਿੰਦਰ ਬੱਦੋਵਾਲ, ਲਵਪ੍ਰੀਤ ਰੋੜਾਂਵਾਲੀ, ਸਤਵੀਰ ਸਿੰਘ ਰੌਣੀ ਅਤੇ ਗੁਰਸ਼ਰਨ ਮੋਗਾ ਹਾਜ਼ਰ ਸਨ।

