ਹੇਮਕੁੰਟ ਸਾਹਿਬ ਯਾਤਰਾ ’ਤੇ ਗਿਆ ਪਿੰਡ ਮਾਲ੍ਹੇਵਾਲਾ ਦਾ ਨੌਜਵਾਨ ਗੰਭੀਰ ਜ਼ਖ਼ਮੀ
ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਿਆ ਇਥੋਂ ਨਜ਼ਦੀਕੀ ਪਿੰਡ ਮਾਲ੍ਹੇਵਾਲਾ ਦਾ ਨੌਜਵਾਨ ਪਹਾੜ ਖਿਸਕਣ ਕਰਕੇ ਵੱਡਾ ਪੱਥਰ ਉਸ ਦੇ ਮੋਟਰਸਾਈਕਲ ’ਤੇ ਡਿੱਗਣ ਕਰਕੇ ਗੰਭੀਰ ਜ਼ਖ਼ਮੀ ਹੋ ਗਿਆ। ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਉਹ 11 ਅਗਸਤ ਨੂੰ ਆਪਣੇ ਹੋਰਨਾਂ ਸਾਥੀਆਂ ਨਾਲ ਮੋਟਰਸਾਇਕਲਾਂ ਉੱਤੇ ਸਵਾਰ ਹੋ ਕੇ ਹੇਮਕੁੰਟ ਸਾਹਿਬ ਯਾਤਰਾ ਉੱਤੇ ਗਿਆ ਸੀ। ਉਕਤ ਮੋਟਰਸਾਈਕਲਾਂ ਦਾ ਕਾਫ਼ਲਾ ਜਦੋਂ ਰਿਸ਼ੀਕੇਸ਼ ਨਜ਼ਦੀਕ ਜਾ ਰਿਹਾ ਸੀ ਤਾਂ ਪਹਾੜੀ ਖੇਤਰ ਵਿਚ ਲਗਾਤਾਰ ਪੈ ਰਹੇ ਮੀਂਹ ਦਰਮਿਆਨ ਪਹਾੜ ਤੋਂ ਇੱਕ ਭਾਰੀ ਪੱਥਰ ਉਸ ਦੇ ਮੋਟਰਸਾਈਕਲ ਉੱਤੇ ਡਿੱਗਾ। ਨੌਜਵਾਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਾਥੀਆਂ ਨੇ ਰਿਸ਼ੀਕੇਸ਼ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ ਹੈ, ਜਿੱਥੇ ਉਸ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ। ਨੌਜਵਾਨ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਸਿਰ ਵਿੱਚ ਗੰਭੀਰ ਸੱਟ ਹੋਣ ਕਾਰਨ ਅਜੇ ਤੱਕ ਉਹ ਕੋਮਾ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉੱਥੋਂ ਦੀ ਸਰਕਾਰ ਵੱਲੋਂ ਇਲਾਜ ਲਈ ਉਸਨੂੰ ਮੁਫ਼ਤ ਸਿਹਤ ਕਾਰਡ ਮੁਹੱਈਆ ਕਰਵਾਇਆ ਗਿਆ ਹੈ।