Rajvir Jawanda ਦੇ ਜੱਦੀ ਪਿੰਡ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦੀ ਮਾਂ ਤੇ ਪਤਨੀ ਨਾਲ ਦੁੱਖ ਸਾਂਝਾ ਕੀਤਾ
ਜੱਦੀ ਪਿੰਡ ਪੋਨਾ ਦੇ ਸਰਕਾਰੀ ਸਕੂਲ ਨੇੜੇ ਬਣਾਏ ਆਰਜ਼ੀ ਸ਼ਮਸ਼ਾਨਘਾਟ ’ਚ ਹੋਵੇਗਾ ਸਸਕਾਰ
Rajvir Jawanda: ਸਵਰਗੀ ਰਾਜਵੀਰ ਜਵੰਦਾ ਦੇ ਪ੍ਰਸ਼ੰਸਕ, ਜਿਨ੍ਹਾਂ ਵਿੱਚ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਅਤੇ ਕਲਾ ਪ੍ਰੇਮੀ ਸ਼ਾਮਲ ਹਨ, ਆਪਣੇ ਪਿਆਰੇ ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੁਧਿਆਣਾ ਦੇ ਜਗਰਾਉਂ ਨੇੜਲੇ ਕੋਠੇ ਪੋਨਾ ਪਿੰਡ ਪਹੁੰਚ ਗਏ ਹਨ। ਪ੍ਰਸ਼ਾਸਨ ਵੱਡੀ ਗਿਣਤੀ ਪ੍ਰਸ਼ੰਸਕਾਂ ਦੀ ਆਮਦ ਦੇ ਮੱਦੇਨਜ਼ਰ ਪ੍ਰਬੰਧਾਂ ਨੂੰ ਲੈ ਕੇ ਪੱਬਾਂ ਭਾਰ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਅਤੇ ਨਾਲ ਲੱਗਦੇ ਰਾਜਾਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਪ੍ਰਸ਼ੰਸਕਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਵੀਰ ਜਵੰਦਾ ਦੇ ਘਰ ਪਹੁੰਚ ਕੇ ਗਾਇਕ ਦੀ ਮਾਂ ਪਰਮਜੀਤ ਕੌਰ ਤੇ ਪਤਨੀ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਆਪਣੇ ਕਾਫ਼ਲੇ ਨਾਲ ਇਥੇ ਪਹੁੰਚੇ। ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਿੱਧਵਾਂ ਬੇਟ ਬਲਾਕ ਅਧੀਨ ਆਉਂਦੇ ਇੱਕ ਖੇਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਲਈ ਹੈਲੀਪੈਡ ਵੀ ਤਿਆਰ ਕੀਤਾ ਸੀ।
ਬੱਬੂ ਮਾਨ, ਕੰਵਰ ਗਰੇਵਾਲ, ਪੁਖਰਾਜ ਭੱਲਾ, ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਸਣੇ ਸੰਗੀਤ ਤੇ ਫ਼ਿਲਮ ਉਦਯੋਗ ਦੇ ਦਰਜਨਾਂ ਕਲਾਕਾਰਾਂ ਨੇ ਰਾਜਵੀਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸ਼ਰਧਾਂਜਲੀ ਭੇਟ ਕੀਤੀ। ਲੁਧਿਆਣਾ (ਦਿਹਾਤੀ) ਜ਼ਿਲ੍ਹੇ ਵਿੱਚ ਕਾਂਸਟੇਬਲ ਵਜੋਂ ਸੇਵਾ ਦੌਰਾਨ ਰਾਜਵੀਰ ਜਵੰਦਾ ਨਾਲ ਕੰਮ ਕਰਨ ਵਾਲੇ ਕੁਝ ਪੁਲੀਸ ਮੁਲਾਜ਼ਮਾਂ ਨੂੰ ਗਾਇਕ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਭਾਵਨਾਤਮਕ ਸਾਂਝ ਪਾਉਂਦੇ ਦੇਖਿਆ ਗਿਆ।
ਡੀਐਸਪੀ (ਡੀ) ਇੰਦਰਜੀਤ ਸਿੰਘ ਬੋਪਾਰਾਏ ਨੇ ਰਾਜਵੀਰ ਦੇ ਸੰਗੀਤ ਪ੍ਰਤੀ ਪਿਆਰ ਤੋਂ ਇਲਾਵਾ ਨੌਕਰੀ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਯਾਦ ਕੀਤਾ। ਬੋਪਾਰਾਏ ਨੇ ਕਿਹਾ, ‘‘ਰਾਜਵੀਰ ਅਤੇ ਉਸ ਦੇ ਸਵਰਗੀ ਪਿਤਾ ਕਰਮ ਸਿੰਘ ਨੇ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਵਿੱਚ ਮੇਰੇ ਨਾਲ ਕੰਮ ਕੀਤਾ ਸੀ ਅਤੇ ਦੋਵੇਂ ਪੁਲੀਸ ਕਰਮਚਾਰੀਆਂ ਵਜੋਂ ਆਪਣੀਆਂ ਨੌਕਰੀਆਂ ਪ੍ਰਤੀ ਸਮਰਪਿਤ ਸਨ।’’ ਸਰਪੰਚ ਹਰਪ੍ਰੀਤ ਸਿੰਘ ਰਾਜੂ ਦੀ ਅਗਵਾਈ ਵਿੱਚ ਪਿੰਡ ਵਾਸੀ ਦੂਰ-ਦੁਰਾਡੇ ਥਾਵਾਂ ਤੋਂ ਆਉਣ ਵਾਲੇ ਸੋਗ ਮਨਾਉਣ ਵਾਲਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੇ ਸਨ।
ਲੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਮਰਹੂਮ ਗਾਇਕ ਦੇ ਘਰ ਨਾਲ ਲੱਗਦੇ ਸਰਕਾਰੀ ਸਕੂਲ ਵਿਚ ਬਣਾਏ ਗਏ ਅਸਥਾਈ ਸ਼ਮਸ਼ਾਨਘਾਟ ਅਤੇ ਉਸ ਦੇ ਨੇੜੇ ਤੇੜੇ ਬੈਰੀਕੇਡਿੰਗ ਕਰਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਬੁੱਧਵਾਰ ਦੇਰ ਸ਼ਾਮ ਜਦੋਂ ਗਾਇਕ Rajvir Jawanda ਦੀ ਮ੍ਰਿਤਕ ਦੇਹ ਪਹੁੰਚੀ ਤਾਂ ਜਵੰਦਾ ਪਰਿਵਾਰ ਦੇ ਮੈਂਬਰਾਂ ਸਮੇਤ ਦੋਸਤ ਅਤੇ ਰਿਸ਼ਤੇਦਾਰ ਕੋਠੇ ਪੋਨਾ ਪਹੁੰਚ ਗਏ ਸਨ। ਰਾਜਵੀਰ ਦੀ ਮਾਂ ਪਰਮਜੀਤ ਕੌਰ, ਜਿਸ ਨੂੰ ਪਿੰਡ ਵਿੱਚ ਸਰਪੰਚ ਕਿਹਾ ਜਾਂਦਾ ਹੈ, ਦਾ ਰੋ ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਦੇ ਪਤੀ ਕਰਮ ਸਿੰਘ, ਜੋ ਕਿ ਪੰਜਾਬ ਪੁਲੀਸ ਵਿੱਚ ਏਐਸਆਈ ਸਨ, ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਰਾਜਵੀਰ ਦੇ ਪਰਿਵਾਰ ਵਿਚ ਵਿਧਵਾ ਮਾ, ਪਤਨੀ ਤੇ ਦੋ ਬੱਚੇ ਹਨ। ਗਾਇਕ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਿਚ ਰੱਖਿਆ ਗਿਆ ਹੈ ਜਿੱਥੋਂ ਇਸ ਨੂੰ ਅੰਤਿਮ ਰਸਮਾਂ ਲਈ ਲਿਜਾਇਆ ਜਾਵੇਗਾ।