ਬਾਬਾ ਫ਼ਰੀਦ ਤਪ ਅਸਥਾਨ ’ਤੇ ਵੱਡੀ ਗਿਣਤੀ ਸ਼ਰਧਾਲੂ ਪੁੱਜੇ
ਸ਼ਰਧਾਲੂਆਂ ਦੇ ਵੱਡੀ ਗਿਣਤੀ ਨੂੰ ਦੇਖਦਿਆਂ ਕਿਲੇ ਦੇ ਇਕ ਹਿੱਸੇ ਨੂੰ ਸੀਲ ਕੀਤਾ
ਕਮਲਜੀਤ ਕੌਰ
12ਵੀਂ ਸਦੀ ਦੇ ਮਹਾਨ ਸੂਫ਼ੀ ਬਾਬਾ ਫ਼਼ਰੀਦ ਦੇ ਇੱਥੋਂ ਦੇ ਕਿਲਾ ਮੁਬਾਰਕ ਵਿੱਚ ਬਣੇ ਤਪ ਅਸਥਾਨ ਨੂੰ ਲੋਕਾਂ ਦੇ ਦਰਸ਼ਨਾਂ ਲਈ ਖੋਲ੍ਹਣ ਤੋਂ ਬਾਅਦ ਸ਼ਰਧਾਲੂਆਂ ਦਾ ਸੈਲਾਬ ਆ ਗਿਆ। ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਲਈ ਕਿਲਾ ਮੁਬਾਰਕ ਖੋਲ੍ਹਿਆ ਗਿਆ ਹੈ। 20 ਨਵੰਬਰ ਨੂੰ ਇੱਥੋਂ ਨਗਰ ਕੀਰਤਨ ਰਵਾਨਾ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇਗਾ।
ਮਹਾਂਰਾਵਲ ਖੇਵਾ ਜੀ ਟਰੱਸਟ ਦੇ ਮੁੱਖ ਕਾਰਜਕਾਰੀ ਜਾਗੀਰ ਸਿੰਘ ਸਰਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਕਿਲਾ ਮੁਬਾਰਕ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ ਅਤੇ ਕਿਲੇ ਵਿੱਚ ਬਾਬਾ ਫ਼ਰੀਦ ਜੀ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਆਮ ਲੋਕਾਂ ਨੂੰ ਕਰਵਾਏ ਜਾ ਰਹੇ ਹਨ। ਸ਼ਰਧਾਲੂ ਇੰਨੀ ਵੱਡੀ ਗਿਣਤੀ ਵਿੱਚ ਆ ਰਹੇ ਹਨ ਕਿ ਕਿਲੇ ਦੇ ਇੱਕ ਹਿੱਸੇ ਨੂੰ ਸੀਲ ਕਰਨਾ ਪਿਆ ਹੈ, ਜਿੱਥੇ ਫ਼ਰੀਦਕੋਟ ਰਿਆਸਤ ਦੀਆਂ ਬੇਸ਼ੁਮਾਰ ਕੀਮਤੀ ਕਾਰਾਂ ਅਤੇ ਹੋਰ ਇਤਿਹਾਸਕ ਵਸਤਾਂ ਪਈਆਂ ਹਨ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਕਿਲਾ ਮੁਬਾਰਕ ਦੇ ਖੁੱਲ੍ਹਣ ਨਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਬਾਬਾ ਫ਼ਰੀਦ ਜੀ ਦੇ ਤਪ ਅਸਥਾਨ ਦੇ ਦਰਸ਼ਨਾਂ ਦੀ 50 ਸਾਲ ਪੁਰਾਣੀ ਮੰਗ ਪੂਰੀ ਹੋਈ ਹੈ। ਸਦੀਆਂ ਪੁਰਾਣੇ ਇਸ ਕਿਲੇ ਵਿੱਚ ਬਾਬਾ ਫ਼ਰੀਦ ਜੀ ਦੇ ਇਤਿਹਾਸਕ ਤਪ ਅਸਥਾਨ ਨੂੰ ਖੋਲ੍ਹਣ ਤੋਂ ਪਹਿਲਾਂ ਕਿਲੇ ਦਾ ਪੁਰਾਣਾ ਰੂਪ ਬਹਾਲ ਕੀਤਾ ਗਿਆ ਹੈ ਅਤੇ ਸ਼ਰਧਾਲੂ ਬਾਬਾ ਫ਼ਰੀਦ ਜੀ ਦੇ ਤਪ ਅਸਥਾਨ ਦੇ ਨਾਲ ਨਾਲ ਫ਼ਰੀਦਕੋਟ ਰਿਆਸਤ ਦੇ ਸਦੀਆਂ ਪੁਰਾਣੇ ਇਤਿਹਾਸ ਅਤੇ ਵਿਰਾਸਤ ਨੂੰ ਦੇਖ ਰਹੇ ਹਨ।

