DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਸਾਖੀ ’ਤੇ ਵੱਡੀ ਗਿਣਤੀ ਸੰਗਤ ਤਖ਼ਤ ਦਮਦਮਾ ਸਾਹਿਬ ਪੁੱਜੀ

ਅਕਾਲੀ ਦਲ, ਅਕਾਲੀ ਦਲ (ਅ), ਵਾਰਿਸ ਪੰਜਾਬ ਦੇ ਜਥੇਬੰਦੀ ਤੇ ਬਸਪਾ ਦੀਆਂ ਸਿਆਸੀ ਕਾਨਫਰੰਸਾਂ ਅੱਜ

  • fb
  • twitter
  • whatsapp
  • whatsapp
featured-img featured-img
ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਲਈ ਜੁੜੀਆਂ ਸੰਗਤਾਂ।
Advertisement

ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 12 ਅਪਰੈਲ

Advertisement

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੰਘੇ ਦਿਨ ਤੋਂ ਰਸਮੀ ਤੌਰ ’ਤੇ ਸ਼ੁਰੂ ਹੋਏ ਚਾਰ ਰੋਜ਼ਾ ਵਿਸਾਖੀ ਮੇਲੇ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰ ਕੇ ਤਖ਼ਤ ਸਾਹਿਬ ਸਣੇ ਇੱਥੋਂ ਦੇ ਹੋਰ ਧਾਰਮਿਕ ਅਸਥਾਨਾਂ ਵਿੱਚ ਮੱਥਾ ਟੇਕਿਆ। ਵਿਸਾਖੀ ਮੇਲੇ ਦੇ ਸਬੰਧ ’ਚ ਵੱਡੀ ਗਿਣਤੀ ’ਚ ਸੰਗਤ ਦੀ ਆਮਦ ਜਾਰੀ ਹੈ, ਜਿਨ੍ਹਾਂ ਦੀ ਇੱਥੇ ਠਹਿਰ ਅਤੇ ਲੰਗਰ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਸਮਾਗਮਾਂ ਦੇ ਸਬੰਧ ’ਚ ਤਖ਼ਤ ਸਾਹਿਬ ਸਣੇ ਇੱਥੋਂ ਦੇ ਹੋਰ ਧਾਰਮਿਕ ਅਸਥਾਨਾਂ, ਰਸਤਿਆਂ, ਚੌਕਾਂ ਤੇ ਇਮਾਰਤਾਂ ਨੂੰ ਰੰਗਦਾਰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਮੇਲੇ ਦੇ ਮੁੱਖ ਦਿਨ ਭਲਕੇ ਐਤਵਾਰ ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਆਸ ਹੈ। ਮੇਲੇ ਵਿੱਚ ਸਮਾਜ ਵਿਰੋਧੀ ਅਨਸਰਾਂ ’ਤੇ ਨਿਗ੍ਹਾ ਰੱਖਣ ਲਈ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਹੈ।

Advertisement

ਮੇਲੇ ਦੇ ਮੁੱਖ ਦਿਨ ਭਲਕੇ 13 ਅਪਰੈਲ ਨੂੰ ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਾਰਿਸ ਪੰਜਾਬ ਦੇ ਅਤੇ ਬਸਪਾ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਕਾਨਫਰੰਸਾਂ ਵਿੱਚ ਵੱਡੇ ਇਕੱਠੇ ਕਰਨ ਲਈ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਦੂਜੇ ਪਾਸੇ, ਸੁਖਬੀਰ ਸਿੰਘ ਬਾਦਲ ਦੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਨਾਲ ਅਕਾਲੀ ਦਲ ਦੀ ਭਲਕੇ ਹੋਣ ਵਾਲੀ ਕਾਨਫਰੰਸ ਲਈ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਵੱਡੀ ਗਿਣਤੀ ਸ਼ਰਧਾਲੂ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕਰਨ ਲਈ ਅੱਜ ਦੂਜੇ ਦਿਨ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ’ਚ ਸੰਗਤ ਦੀ ਆਮਦ ਜਾਰੀ ਰਹੀ। ਸ਼ਰਧਾਲੂਆਂ ਨੇ ਸਰੋਵਰ ’ਚ ਇਸ਼ਨਾਨ ਕੀਤਾ ਤੇ ਤਖ਼ਤ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰਿਆਂ ’ਚ ਮੱਥਾ ਟੇਕਿਆ। ਖ਼ਾਲਸਾ ਸਾਜਨਾ ਦਿਵਸ ਸਬੰਧੀ ਲੰਘੇ ਦਿਨ ਆਰੰਭ ਸ੍ਰੀ ਅਖੰਡ ਪਾਠ ਦੇ ਭੋਗ ਭਲਕੇ (ਐਤਵਾਰ) ਨੂੰ ਪਾਏ ਜਾਣਗੇ ਅਤੇ ਸਾਰਾ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲਣਗੇ। ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਇੱਥੇ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ ਲੰਗਰ ਤੋਂ ਇਲਾਵਾ ਹੋਰ ਲੋੜੀਂਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਮੈਨੇਜਰ ਮਲਕੀਤ ਸਿੰਘ ਤੇ ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਆਦਿ ਹਾਜ਼ਰ ਸਨ।

ਖ਼ਾਲਸਾ ਸਾਜਨਾ ਦਿਵਸ ਸਿੱਖ ਕੌਮ ਦੀ ਵਿਲੱਖਣ ਹਸਤੀ ਦਾ ਪ੍ਰਤੀਕ: ਬਾਬਾ ਬਲਬੀਰ ਸਿੰਘ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕੌਮ ਦੇ ਨਾਮ ਦਿੱਤੇ ਸੰਦੇਸ਼ ਵਿੱਚ ਕਿਹਾ ਕਿ ਇਹ ਇਤਿਹਾਸਕ ਦਿਹਾੜਾ ਸਿੱਖ ਕੌਮ ਦੀ ਵਿਲੱਖਣ ਹਸਤੀ ਦਾ ਪ੍ਰਤੀਕ ਹੈ। ਸਮੁੱਚੇ ਸੰਸਾਰ ਦੀਆਂ ਕੌਮਾਂ ਦੇ ਇਤਿਹਾਸ ਵਿੱਚ ‘ਪ੍ਰਮਾਤਮ ਕੀ ਮੌਜ’ ਵਿੱਚੋਂ ਪ੍ਰਗਟਿਆ ਖ਼ਾਲਸਾ ਗੁਰੂ ਨਾਨਕ ਪਾਤਸ਼ਾਹ ਦਾ ਨਿਰਮਲ ਤੇ ਨਿਆਰਾ ਪੰਥ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਖ਼ੁਦ ਉਸ ਅੱਗੇ ਆਪਣਾ ਸੀਸ ਝੁਕਾਉਂਦਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਜਾਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਜੀਵਨ ਜਾਚ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਕੋਈ ਐਸਾ ਪੰਥ ਨਹੀਂ ਹੈ ਜਿਸ ਦੇ ਸਿਰਜਣਾ ਹੋਣ ਦਾ ਦਿਨ ਪੱਕਾ ਹੋਵੇ। ਖ਼ਾਲਸਾ ਪੰਥ ਹੀ ਅਜਿਹਾ ਹੈ ਜਿਸ ਦਾ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ’ਚ ਹੋਇਆ। ਉਨ੍ਹਾਂ ਖ਼ਾਲਸਾ ਸਿਰਜਣਾ ਦਿਵਸ ਮੌਕੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਉਹ ਇਸ ਸ਼ੁਭ ਦਿਹਾੜੇ ’ਤੇ ਗੁਰੂ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਅਤੇ ਬਾਣੀ ਤੇ ਬਾਣੇ ਵਿੱਚ ਪਰਪੱਕ ਹੋਣ।

Advertisement
×