ਡਾ. ਹਿਮਾਂਸ਼ੂ ਸੂਦ
ਸੂਫੀ ਸੰਤ ਸ਼ੇਖ ਮੁਜੱਦਿਦ ਅਲਫ਼ ਸਾਨੀ ਦੇ ਰੋਜ਼ਾ ਸ਼ਰੀਫ਼ ’ਚ ਚੱਲ ਰਹੇ ਤਿੰਨ ਰੋਜ਼ਾ ਉਰਸ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੀ ਸ਼ਾਮਲ ਹੋਏ। ਡੀਸੀ ਨੇ ਕਿਹਾ ਕਿ ਹਰ ਸਾਲ ਉਰਸ ਵਿੱਚ ਦੇਸ਼-ਵਿਦੇਸ਼ ਵਿੱਚੋਂ ਸ਼ਰਧਾਲੂ ਜ਼ਿਆਰਤ ਕਰਨ
ਲਈ ਆਉਂਦੇ ਹਨ।
ਇਸ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਜਿੱਥੇ ਮੈਡੀਕਲ ਟੀਮਾਂ ਤੇ ਐਂਬੂਲੈਂਸ ਤਾਇਨਾਤ ਹਨ ਉੱਥੇ ਪੀਣ ਲਈ ਸਵੱਛ ਪਾਣੀ, ਪਖਾਨੇ, ਸੁਰੱਖਿਆ ਅਤੇ ਰੌਸ਼ਨੀ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸ਼ੇਖ ਮੁਜੱਦਿਦ ਅਲਫ਼ ਸਾਨੀ ਦੇ ਜੀਵਨ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਰੋਜ਼ਾ ਸ਼ਰੀਫ ਦੇ ਖ਼ਲੀਫਾ ਸਈਅਦ ਸਾਦਿਕ ਰਜ਼ਾ ਨੇ ਦੱਸਿਆ ਕਿ ਸ਼ੇਖ ਮੁਜੱਦਿਦ ਅਲਫ਼ ਸਾਨੀ ਨੇ ਸਮੁੱਚੀ ਮਾਨਵਤਾ ਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਅਤੇ ਉਨ੍ਹਾਂ ਨੂੰ ਸੁਧਾਰਵਾਦੀ ਕੰਮਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾ ਸ਼ਰੀਫ ਦੇ ਉਰਸ ਮੌਕੇ ਵੱਡੀ ਗਿਣਤੀ ਸ਼ਰਧਾਲੂ ਸਿਜਦਾ ਕਰਨ ਲਈ ਆਉਂਦੇ ਹਨ ਅਤੇ ਰੋਜ਼ਾ ਸ਼ਰੀਫ ਦਾ ਮਹੱਤਵ ਇਸਲਾਮ ਧਰਮ ਵਿੱਚ ਬਹੁਤ ਉੱਚਾ ਮੰਨਿਆ ਜਾਂਦਾ ਹੈ। ਇਸ ਮੌਕੇ ਐੱਸਡੀਐੱਮ ਅਰਵਿੰਦ ਕੁਮਾਰ ਗੁਪਤਾ ਅਤੇ ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਚਮਨ ਕੁਰੈਸ਼ੀ ਆਦਿ ਹਾਜ਼ਰ ਸਨ।