ਹੜ੍ਹਾਂ ਦੀ ਮਾਰ ਝੱਲ ਰਿਹਾ ਪਰਿਵਾਰ ਜਾਨ ਜੋਖ਼ਮ ਵਿੱਚ ਪਾ ਕੇ ਸੁਰੱਖਿਅਤ ਥਾਂ ਪਹੁੰਚਿਆ
ਹਰੀਕੇ ਹੈਡ ਵਰਕਸ ਤੋਂ ਅੱਗੇ ਸਤਲੁਜ ਦਰਿਆ ਵਿੱਚ ਆਏ ਹੜਾਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੀ ਫ਼ਸਲ ਬਰਬਾਦ ਹੋਣ ਦੇ ਨਾਲ ਨਾਲ ਘਰਾਂ ਵਿੱਚ ਪਾਣੀ ਭਰ ਜਾਣ ਕਰਕੇ ਕਾਫੀ ਮਾਲੀ ਨੁਕਸਾਨ ਹੋਇਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਣ ਅਤੇ ਉਨ੍ਹਾਂ ਨੂੰ ਹਰ ਲੋੜੀਦੀਆਂ ਚੀਜ਼ਾਂ ਮੁਹਈਆ ਕਰਵਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।ਪਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ’ਤੇ ਸਵਾਲੀਆ ਨਿਸ਼ਾਨ ਲੱਗਦਾ ਉਦੋਂ ਨਜ਼ਰ ਆਇਆ ਜਦੋਂ ਅੱਜ ਨੇੜਲੇ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਇੱਕ ਪੀੜਤ ਪਰਿਵਾਰ ਨੇ ਦੇਸੀ ਜੁਗਾੜ ਲਾ ਕੇ ਬੇੜੀ ਬਣਾਈ ਅਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪਰਿਵਾਰ ਸਮੇਤ ਸੁਰੱਖਿਅਤ ਥਾਂ ’ਤੇ ਪਹੁੰਚ ਗਏ।
ਪਰਿਵਾਰ ਦੇ ਮੁਖੀ ਹਰਜਿੰਦਰ ਸਿੰਘ ਵਾਸੀ ਨਿਹਾਲਾ ਲਿਵੇਰਾ ਨੇ ਦੱਸਿਆ ਕਿ ਅਸੀਂ ਪਿਛਲੇ ਦੋ ਤਿੰਨ ਦਿਨ ਤੋਂ ਹੜ੍ਹ ਦੇ ਪਾਣੀ ਵਿੱਚ ਘਿਰੇ ਹੋਏ ਸੀ ਅਤੇ ਕਾਫੀ ਵਾਰ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਸੁਰੱਖਿਤ ਥਾਂ ਵਿੱਚ ਜਾਣ ਲਈ ਬੇੜੀ ਦੀ ਮੰਗ ਕਰ ਰਹੇ ਸੀ ਪਰ ਕਿਸੇ ਨੇ ਵੀ ਸਾਡੀ ਗੱਲ ਵੱਲ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਗੈਸ ਸਿਲੰਡਰਾਂ, ਮੰਜਿਆਂ ਅਤੇ ਹੋਰ ਸਮਾਨ ਨਾਲ ਨਾਲ ਦੇਸੀ ਜੁਗਾੜ ਲਾ ਕੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੁਰੱਖਿਅਤ ਜਗ੍ਹਾ ’ਤੇ ਪਹੁੰਚ ਗਏ ਹਾਂ।