‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦਾ ਕੇਸ ਦਰਜ, ਨਾਟਕੀ ਢੰਗ ਨਾਲ ਪੁਲੀਸ ਹਿਰਾਸਤ ’ਚੋਂ ਫ਼ਰਾਰ
ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੁਲੀਸ ਨੇ ਪਠਾਨਮਾਜਰਾ ਨੂੰ ਕਰਨਾਲ ਦੇ ਡਾਬਰੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ, ਪਰ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁੱਕੀ ਦੌਰਾਨ ਉਹ ਪੁਲੀਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਪੰਜਾਬ ਤੇ ਹਰਿਆਣਾ ਪੁਲੀਸ ਵੱਲੋਂ ਮਿਲ ਕੇ ਪਠਾਣਮਾਜਰਾ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਪੁਲੀਸ ਦੀ ਟੀਮ ਸਥਾਨਕ ਕਰਨਾਲ ਪੁਲੀਸ ਅਤੇ ਐੱਸਐੱਚਓ ਪੱਧਰ ਦੇ ਤਿੰਨ ਅਧਿਕਾਰੀਆਂ ਨਾਲ ‘ਆਪ’ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਮੌਕੇ ’ਤੇ ਪਹੁੰਚੀ ਸੀ। ਹਾਲਾਂਕਿ ਪਠਾਣਮਾਜਰਾ ਪਿੰਡ ਵਾਸੀਆਂ ਤੇ ਸਮਰਥਕਾਂ ਦੀ ਮਦਦ ਨਾਲ ਇੱਕ ਚਿੱਟੇ ਰੰਗ ਦੀ ਐੱਸਯੂਵੀ ਵਿੱਚ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ। ਪੁਲੀਸ ਸੂਤਰਾਂ ਅਨੁਸਾਰ ਭੱਜਣ ਦੌਰਾਨ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਕਈ ਟੀਮਾਂ ਦੀ ਮੌਜੂਦਗੀ ਦੇ ਬਾਵਜੂਦ, ਵਿਧਾਇਕ ਸਥਾਨਕ ਲੋਕਾਂ ਦੀ ਮਦਦ ਨਾਲ ਭੱਜ ਗਿਆ। ਅਸੀਂ ਹੁਣ ਉਸ ਨੂੰ ਲੱਭਣ ਲਈ ਹਰਿਆਣਾ ਪੁਲੀਸ ਨਾਲ ਤਾਲਮੇਲ ਕਰ ਰਹੇ ਹਾਂ।" ਪਠਾਣਮਾਜਰਾ ਦੇ ਮੌਕੇ ਤੋਂ ਭੱਜਣ ਦੌਰਾਨ SUV ਨਾਲ ਟਕਰਾਉਣ ਤੋਂ ਬਾਅਦ ਇੱਕ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਡਿਊਟੀ ’ਤੇ ਮੌਜੂਦ ਪੁਲੀਸ ਅਧਿਕਾਰੀ ’ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਲਈ ਵੱਖਰੇ ਤੌਰ ’ਤੇ ਕੇਸ ਦਰਜ ਕੀਤਾ ਜਾਵੇਗਾ।
ਪਠਾਣਮਾਜਰਾ ਖਿਲਾਫ਼ ਕੇਸ ਅਜਿਹੇ ਮੌਕੇ ਦਰਜ ਕੀਤਾ ਗਿਆ ਹੈ ਜਦੋਂ ‘ਆਪ’ ਵਿਧਾਇਕ ਵੱਲੋਂ ਹੜ੍ਹ ਪ੍ਰਬੰਧਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਗਈ ਅਤੇ ‘ਦਿੱਲੀ ਲਾਬੀ’ ਉੱਤੇ ਪੰਜਾਬ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਪਠਾਨਮਾਜਰਾ ਦੇ ਹਮਾਇਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪਟਿਆਲਾ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਵੱਲੋਂ ਫ਼ਰਾਰ ਵਿਧਾਇਕ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਸੂਤਰਾਂ ਨੇ ਦੱਸਿਆ ਕਿ ਪਠਾਣਮਾਜਰਾ ਵਿਰੁੱਧ ਸੋਮਵਾਰ ਸ਼ਾਮ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਹਾਂ, ਉਸ 'ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਪਹਿਲਾਂ ਜਾਂਚ ਅਧੀਨ ਸੀ।"
ਇਸ ਮਾਮਲੇ ਵਿੱਚ ਇੱਕ ਨਵਾਂ ਪਹਿਲੂ ਜੋੜਦੇ ਹੋਏ ਸੀਨੀਅਰ ਸਰਕਾਰੀ ਸੂਤਰ ਨੇ ਖੁਲਾਸਾ ਕੀਤਾ ਕਿ 26 ਅਗਸਤ ਨੂੰ ਸਬੰਧਤ ਔਰਤ ਵੱਲੋਂ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਨੇ ਵਿਆਹ ਦੇ ਬਹਾਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
ਇੱਕ ਸੀਨੀਅਰ 'ਆਪ' ਅਹੁਦੇਦਾਰ ਨੇ ਕਿਹਾ, "ਸ਼ਿਕਾਇਤ ਬਾਰੇ ਜਾਣਨ ਅਤੇ ਗ੍ਰਿਫ਼ਤਾਰੀ ਦੇ ਡਰੋਂ ਵਿਧਾਇਕ ਨੇ ਜਨਤਕ ਤੌਰ 'ਤੇ ਸਰਕਾਰ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।’’ ਉਨ੍ਹਾਂ ਅੱਗੇ ਕਿਹਾ ਕਿ ਪਠਾਨਮਾਜਰਾ ਸੋਮਵਾਰ ਦੇਰ ਰਾਤ ਕਰਨਾਲ ਲਈ ਰਵਾਨਾ ਹੋਏ, ਅਤੇ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਧਰ ਹਲਕਾ ਸਨੌਰ ਤੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਡਰਨ ਵਾਲੇ ਨਹੀਂ ਹਨ। ਪਠਾਣਮਾਜਰਾ ਖਿਲਾਫ਼ ਇਕ ਪੁਰਾਣੇ ਮਾਮਲੇ ਵਿਚ 376 ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿਚ ਕੇਸ ਚੱਲ ਰਿਹਾ ਹੈ।
ਵਿਧਾਇਕ ਨੇ ਪੰਜਾਬ ਦੇ ਲੋਕਾਂ ਤੇ ਸਾਥੀ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਅੱਜ ਉਸ ਨੂੰ ਲੋੜ ਹੈ ਤੇ ਸਾਰੇ ਪੰਜਾਬ ਨੂੰ ਇਕੱਠਾ ਹੋ ਕੇ ਦਿਲੀ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਜੇਕਰ ਅੱਜ ਪੰਜਾਬ ਇਕੱਠਾ ਨਾ ਹੋਇਆ ਤਾਂ ਇਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਇੰਜ ਹੀ ਕੇਸ ਦਰਜ ਕਰਕੇ ਡਰਾ ਲੈਣਾ ਹੈ।
ਵਿਧਾਇਕ ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਅੱਜ ਪਟਿਆਲਾ ਦੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਵਿਚ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਹੈ। ਉਨ੍ਹਾਂ ਸਾਥੀ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਅੰਦਰ ਦੀ ਆਵਾਜ਼ ਪਛਾਣ ਕੇ ਇਕਮੱਤ ਹੋਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।
Sanour AAP MLA Harmeet Singh Pathanmajra in a Facebook LIVE said Punjab Police has now booked him under IPC 376 in an old case involving his ex-wife. He alleged the Delhi AAP team is trying to rule over Punjab and is “suppressing his voice.”
#Punjab https://t.co/MMgsh6qeBJ pic.twitter.com/dTeSKyJK1G
— Gagandeep Singh (@Gagan4344) September 2, 2025
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਫੇਸਬੁੱਕ ’ਤੇ ਇਕ ਵੀਡੀਓ ਪੋਸਟ ਕਰਕੇ ਖੁਲਾਸਾ ਕੀਤਾ ਸੀ ਕਿ ਇੱਕ ਪੁਰਾਣੀ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। ਵੀਡੀਓ ਵਿੱਚ ਪਠਾਨਮਾਜਰਾ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਉਨ੍ਹਾਂ ਦੀ ਸਾਬਕਾ ਪਤਨੀ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 ਤਹਿਤ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ 'ਆਪ' ਟੀਮ ਪੰਜਾਬ ’ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ‘ਉਨ੍ਹਾਂ ਦੀ ਆਵਾਜ਼ ਨੂੰ ਦਬਾ ਰਹੀ ਹੈ।’ ਉਧਰ ਆਮ ਆਦਮੀ ਪਾਰਟੀ (ਆਪ) ਨੇ ਪਠਾਣਮਾਜਰਾ ਨੂੰ ਮਿਲੀ ਅਧਿਕਾਰਤ ਸੁਰੱਖਿਆ ਵਾਪਸ ਲੈ ਲਈ ਹੈ।