ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਅਧਿਕਾਰੀ ਅਸ਼ੀਸ਼ ਕਪੂਰ ਖਿਲਾਫ਼ ਕੇਸ ਦਰਜ

ਔਰਤ ’ਤੇ ਤਸ਼ੱਦਦ ਦਾ ਮਾਮਲਾ
Advertisement

ਦਵਿੰਦਰ ਪਾਲ

ਚੰਡੀਗੜ੍ਹ, 18 ਜੁਲਾਈ

Advertisement

ਪੰਜਾਬ ਪੁਲੀਸ ਨੇ ਆਪਣੇ ਹੀ ਅਧਿਕਾਰੀ ਅਸ਼ੀਸ਼ ਕਪੂਰ ਖਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਵੱਲੋਂ ਦਰਜ ਕੀਤੇ ਦੋ ਮਾਮਲਿਆਂ ਤੋਂ ਬਾਅਦ ਹੁਣ ਤੀਸਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕੁਰੂਕਸ਼ੇਤਰ ਵਾਸੀ ਪੂਨਮ ਰਾਜਨ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅਸ਼ੀਸ਼ ਕਪੂਰ ਦੀ ਪਤਨੀ ਅਤੇ ਡੀਐੱਸਪੀ ਰੈਂਕ ਦੇ ਤਿੰਨ ਹੋਰ ਪੁਲੀਸ ਅਧਿਕਾਰੀਆਂ ਦਾ ਨਾਮ ਵੀ ਐੱਫਆਈਆਰ ਵਿੱਚ ਸ਼ਾਮਲ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਵਿਅਕਤੀਆਂ ਦੀ ਅਪਰਾਧ ਵਿੱਚ ਭੂਮਿਕਾ ਦੀ ਮੁਕੰਮਲ ਜਾਂਚ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮਾਮਲੇ ਵਿੱਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ ਅਤੇ ਲਵਲੀਸ਼ ਗਰਗ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਐੱਫਆਈਆਰ ਵਿੱਚ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਪੂਨਮ ਰਾਜਨ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਸੀ ਕਿ ਅਸ਼ੀਸ਼ ਕਪੂਰ ਵੱਲੋਂ ਸਾਲ 2018 ਦੌਰਾਨ ਜ਼ੀਰਕਪੁਰ ਥਾਣੇ ਵਿੱਚ ਫਰਜ਼ੀ ਮਾਮਲਾ ਦਰਜ ਕਰਾਇਆ ਅਤੇ ਥਾਣੇ ਵਿੱਚ ਤਸ਼ੱਦਦ ਕੀਤਾ। ਮੁੱਖ ਮੰਤਰੀ ਵੱਲੋਂ ਇਸ ਮਾਮਲੇ ’ਤੇ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਸ਼ਿਕਾਇਤਕਰਤਾ ਨੇ ਅਸ਼ੀਸ਼ ਕਪੂਰ ਅਤੇ ਹੋਰਨਾਂ ’ਤੇ ਆਪਣੀ ਮਾਤਾ, ਭਰਾ ਅਤੇ ਭਰਜਾਈ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੇ ਦੋਸ਼ ਲਾਏ ਸਨ। ਥਾਣੇ ਵਿੱਚ ਪੂਨਮ ਰਾਜਨ ’ਤੇ ਤਸ਼ੱਦਦ ਢਾਹੁਣ ਦੀ ਇੱਕ ਵੀਡੀਓ ਵੀ ਜਨਤਕ ਹੋ ਗਈ ਸੀ। ਇਸ ਵੀਡੀਓ ਦੇ ਪੁਖਤਾ ਹੋਣ ਸਬੰਧੀ ਪੰਜਾਬ ਦੀ ਫੋਰੈਂਸਿਕ ਲੈਬਾਰਟਰੀ ਦੀਆਂ ਰਿਪੋਰਟਾਂ ਦਾ ਹਵਾਲਾ ਐੱਫਆਈਆਰ ਵਿੱਚ ਦਿੱਤਾ ਗਿਆ ਹੈ। ਇਸ ਵੀਡੀਓ ਵਿੱਚ ਕਪੂਰ ਪੂਨਮ ਰਾਜਨ ’ਤੇ ਤਸ਼ੱਦਦ ਕਰਦਾ ਦਿਖਾਈ ਦੇ ਰਿਹਾ ਹੈ ਤੇ ਇਹ ਔਰਤ ਕੁਰਲਾ ਰਹੀ ਹੈ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਸ਼ੀਸ਼ ਕਪੂਰ ਖਿਲਾਫ਼ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਆਮਦਨ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ। ਇਹ ਪੁਲੀਸ ਅਧਿਕਾਰੀ ਇਸ ਸਮੇਂ ਅਦਾਲਤੀ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਪੰਜਾਬ ਪੁਲੀਸ ਦੇ ਸਾਬਕਾ ਆਈਜੀ ਅਤੇ ਸੱਤਾਧਾਰੀ ਧਿਰ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਤਫ਼ਤੀਸ਼ ਤੋਂ ਬਾਅਦ ਅਕਤੂਬਰ 2019 ਦੌਰਾਨ ਮੁਹਾਲੀ ਦੇ ਐੱਸਐੱਸਓਸੀ ਥਾਣੇ ਵਿੱਚ ਦਰਜ ਐੱਫਆਈਆਰ ਨੰਬਰ 3, ਜੋ ਪਹਿਲੀ ਮਈ 2019 ਨੂੰ ਦਰਜ ਕੀਤੀ ਗਈ ਸੀ, ਵਿੱਚ ਅਸ਼ੀਸ਼ ਕਪੂਰ ਖਿਲਾਫ਼ ਧਾਰਾ 376 (ਏ) (ਬੀ) (ਡੀ) , 376 (ਸੀ) (ਸੀ) ਅਤੇ 354, 419 ਅਤੇ 506 ਦਾ ਵਾਧਾ ਕਰ ਦਿੱਤਾ ਹੈ। ਪੁਲੀਸ ਵੱਲੋਂ ਬਲਾਤਕਾਰ ਦੀ ਧਾਰਾ 376 ਦੇ ਨਾਲ (ਏ) (ਬੀ) (ਡੀ) ਜਾਂ (ਸੀ) (ਸੀ) ਉਨ੍ਹਾਂ ਹਾਲਾਤ ਵਿੱਚ ਲਾਈ ਜਾਂਦੀ ਹੈ ਜਦੋਂ ਕੋਈ ਵਿਅਕਤੀ ਵਿਸ਼ੇਸ਼ ਆਪਣੇ ਅਧੀਨ ਬੰਦੀ ਮਹਿਲਾ ਨਾਲ ਸਰੀਰਕ ਸਬੰਧ ਭਾਵੇਂ ਰਜ਼ਾਮੰਦੀ ਨਾਲ ਹੀ ਬਣਾ ਲਵੇ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨੀ ਪੱਖ ਤੋਂ ਅਜਿਹਾ ਮਾਮਲਾ ‘ਹਿਰਾਸਤੀ ਬਲਾਤਕਾਰ’ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।

Advertisement
Tags :
ਅਸ਼ੀਸ਼ਅਧਿਕਾਰੀਕਪੂਰਖਿਲਾਫ਼,ਪੁਲੀਸ