ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਦਾ ਸੱਦਾ
ਹਤਿੰਦਰ ਮਹਿਤਾ
ਜਲੰਧਰ, 13 ਜੁਲਾਈ
ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਚਾਰ ਰੋਜ਼ਾ ਸਮਾਗਮ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਸ਼ੁਰੂ ਹੋਏ। ਇਸ ਦੌਰਾਨ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਦਾ ਸੱਦਾ ਦਿੱਤਾ ਗਿਆ। ਪਹਿਲੇ ਦਿਨ ਵਾਤਾਵਰਨ ਕਾਨਫਰੰਸ-2025 ਦੌਰਾਨ ਬੁਲਾਰਿਆਂ ਨੇ ਦੇਸ਼ ਦੀਆਂ ਨਦੀਆਂ ਨੂੰ ਗੰਦੇ ਨਾਲੇ ਬਣਾਉਣ ’ਤੇ ਚਿੰਤਾ ਪ੍ਰਗਟਾਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਮੈਂਬਰ ਡਾ. ਅਫਰੋਜ਼ ਅਹਿਮਦ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸ੍ਰੀ ਸੀਚੇਵਾਲ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ 165 ਕਿਲੋਮੀਟਰ ਲੰਮੀ ਨਦੀ ਨੂੰ ਸਾਫ਼ ਕਰ ਕੇ ਮਿਸਾਲ ਪੈਦਾ ਕੀਤੀ ਹੈ।
ਡਾ. ਅਫਰੋਜ਼ ਅਹਿਮਦ ਨੇ ਦੱਸਿਆ ਕਿ ਐੱਨਜੀਟੀ, ਪਾਣੀ ਸਾਫ਼ ਕਰਨ ਬਾਰੇ ਕੋਈ ਫ਼ੈਸਲਾ ਲਿਖਣ ਵੇਲੇ ਸੀਚੇਵਾਲ ਮਾਡਲ ਦਾ ਉਚੇਚਾ ਜ਼ਿਕਰ ਕਰਦਾ ਹੈ। ਉਨ੍ਹਾਂ ਕਿਹਾ ਕਿ ਨਦੀਆਂ ਤੇ ਦਰਿਆਵਾਂ ਨੂੰ ਸਭ ਤੋਂ ਵੱਧ ਪੇਪਰ ਮਿੱਲਾਂ ਤੇ ਸ਼ੂਗਰ ਮਿੱਲਾਂ ਖ਼ਰਾਬ ਕਰਦੀਆਂ ਹਨ। ਸੰਤ ਸੀਚੇਵਾਲ ਨੇ ਕਾਰ ਸੇਵਾ ਰਾਹੀਂ ਕਾਲੀ ਵੇਈਂ ਨੂੰ ਜਿਸ ਤਰ੍ਹਾਂ ਸਾਫ਼ ਕੀਤਾ ਹੈ, ਉਸ ਨੂੰ ਦੁਨੀਆ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਵੇਈਂ ਨਦੀ ਦੀ ਸਫ਼ਾਈ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਵਾਲੀ ਸੇਵਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਲਈ ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲਿਆ ਇਹ ਸਫ਼ਰ ਸਿਰਫ਼ ਸਫ਼ਾਈ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਹ ਵਾਤਾਵਰਨ ਅਤੇ ਅਧਿਆਤਮਕ ਚੇਤਨਾ ਦੀ ਲਹਿਰ ਹੈ।
ਸੀਚੇਵਾਲ ਨੇ ਕਿਹਾ ਕਿ ਇਹ ਕਾਨਫਰੰਸ ਕਰਵਾਉਣ ਦਾ ਮਕਸਦ ਤੇਜ਼ੀ ਨਾਲ ਵਧ ਰਹੀ ਆਲਮੀ ਤਪਸ਼ ਨੂੰ ਘਟਾਉਣਾ ਹੈ। ਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੁੰਦੀਆਂ ਤਾਂ ਸਾਨੂੰ ਕਦੇ ਇਹ ਦਿਹਾੜੇ ਮਨਾਉਣ ਦੀ ਲੋੜ ਨਹੀਂ ਸੀ ਪੈਣੀ। ਇਸ ਮੌਕੇ ਏਡੀਸੀ ਵਰਿੰਦਰ ਵਾਲੀਆ, ਬੇਗ਼ਮ ਸਾਦੀਆ, ਸੁਰਜੀਤ ਸਿੰਘ ਸ਼ੰਟੀ, ਨਿਰਮਲ ਸਿੰਘ ਨੰਬਰਦਾਰ, ਪਰਮਜੀਤ ਸਿੰਘ ਮਾਨਸਾ, ਐੱਸਡੀਐੱਮ ਅਲਕਾ ਕਾਲੀਆ, ਡੀਐੱਸਪੀ ਹਰਗੁਰਦੇਵ, ਰੋਸ਼ਨ ਖੈੜਾ, ਡਾ. ਆਸਾ ਸਿੰਘ ਘੁੰਮਣ ਆਦਿ ਹਾਜ਼ਰ ਸਨ।