ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਸਿਆਸੀ ਤੇ ਸਿਧਾਂਤਕ ਲੜਾਈ ਦਾ ਸੱਦਾ
ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਦੇਸ਼ ਵਿੱਚ ਵਧ ਰਹੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਇੱਕ ਕਾਨਫਰੰਸ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿੱਚ ਕਰਵਾਈ ਗਈ ਜਿਸ ਵਿੱਚ ਫ਼ਾਸ਼ੀਵਾਦ ਹਮਲਿਆਂ ਖ਼ਿਲਾਫ਼ ਸਿਆਸੀ ਅਤੇ ਸਿਧਾਂਤਕ ਲੜਾਈ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਬੁਲਾਰਿਆਂ ਵੱਲੋਂ ਕਿਸਾਨ-ਮਜ਼ਦੂਰਾਂ ਨੂੰ ਫਾਸ਼ੀਵਾਦ ਹਮਲਿਆਂ ਤੋਂ ਸੁਚੇਤ ਹੋ ਕੇ ਵੱਡੇ ਏਕੇ ਨਾਲ ਸੰਘਰਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਕਾਨਫਰੰਸ ਦੀ ਪ੍ਰਧਾਨਗੀ ਕੁਲਦੀਪ ਸਿੰਘ, ਪ੍ਰੋ. ਜੈਪਾਲ, ਮਨਜੀਤ ਕੌਰ, ਹਰਮੇਲ ਸਿੰਘ ਮਹਿਰੋਕ ਅਤੇ ਮੇਲਾ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਫਾਸ਼ੀਵਾਦੀ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ’ਚ ਭਾਰਤ ਫਾਸ਼ੀਵਾਦੀ ਹਮਲਿਆਂ ਦੀ ਮਾਰ ਹੇਠ ਹੈ। ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਦੇਸ਼ ਦਾ ਜਲ, ਜੰਗਲ ਤੇ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਝੂਠੇ ਪਰਚਿਆਂ, ਜੇਲ੍ਹਾਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਜਮਹੂਰੀ ਲਹਿਰ ’ਤੇ ਹਮਲਾ ਕਰ ਰਹੀ ਹੈ ਤੇ ਲੋਕਾਂ ਦੇ ਏਕੇ ਨੂੰ ਤੋੜਨ ਲਈ ਲਗਾਤਾਰ ਧਰਮ, ਬੋਲੀ ਅਤੇ ਜਾਤ ਅਧਾਰਤ ਦੰਗਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਨਿਆਂਤੰਤਰ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਕਾਨਫਰੰਸ ਨੂੰ ਘੁਮੰਡ ਸਿੰਘ ਉਗਰਾਹਾਂ, ਨਿਰਮਲ ਸਿੰਘ ਬਟੜਿਆਣਾ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।