ਮੋਦੀ ਦੀ ਚੋਣ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ
ਐੱਨਪੀ ਧਵਨ
ਪਠਾਨਕੋਟ, 23 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਸੰਸਦੀ ਹਲਕੇ ਅੰਦਰ ਹੋਣ ਵਾਲੀ ਪ੍ਰਸਤਾਵਿਤ ਚੋਣ ਰੈਲੀ ਤੋਂ ਕੁਝ ਘੰਟੇ ਪਹਿਲਾਂ ਭਾਜਪਾ ਦੇ ਦਰਜਨ ਭਰ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਸਾਰੇ ਆਗੂਆਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਿਰੋਪੇ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭਾਜਪਾ ਦੀ ਸਟੇਟ ਇਲੈਕਸ਼ਨ ਕਮੇਟੀ ਦੀ ਬੂਥ ਮੈਨੇਜਮੈਂਟ ਦੇ ਕਨਵੀਨਰ ਬਖਸ਼ੀਸ਼ ਸਿੰਘ ਗੁਸਾਈਂਪੁਰ ਪ੍ਰਮੁੱਖ ਸਨ। ਇਹ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਉਪ-ਪ੍ਰਧਾਨ ਤੇ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਵੀ ਰਹੇ ਹਨ। ਅੱਜ-ਕੱਲ੍ਹ ਉਹ ਗੁਰਦਾਸਪੁਰ, ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸੰਸਦੀ ਹਲਕਿਆਂ ਦੇ ਇੰਚਾਰਜ ਵੀ ਸਨ। ਇਨ੍ਹਾਂ ਤੋਂ ਇਲਾਵਾ ਭਾਜਪਾ ਯੁਵਾ ਮੋਰਚਾ ਦੇ ਮੰਡਲ ਪ੍ਰਧਾਨ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਮੁਕੇਸ਼ ਲਵਲੀ, ਯੁਵਾ ਮੋਰਚਾ ਦੇ ਸੂਬਾਈ ਉਪ-ਪ੍ਰਧਾਨ ਧਰਮਿੰਦਰ ਸਿੰਘ ਉਰਫ ਸ਼ੇਰੂ, ਯੁਵਾ ਮੋਰਚਾ ਦੇ ਸਾਬਕਾ ਸਕੱਤਰ ਵਿਸ਼ਾਲ ਸ਼ਰਮਾ, ਸਾਬਕਾ ਐਮਸੀ ਕਮਲ ਮਹਾਜਨ, ਸਾਬਕਾ ਐੱਮਸੀ ਮਨਜੀਤ ਸਿੰਘ, ਸਾਬਕਾ ਐੱਮਸੀ ਸੁਖਵਿੰਦਰ ਸਿੰਘ ਤੇ ਸਾਬਕਾ ਐੱਮਸੀ ਚਮਨ ਲਾਲ ਭਗਵਤੀ ਵੀ ਸ਼ਾਮਲ ਹੋਏ। ਇਸ ਮੌਕੇ ‘ਆਪ’ ਦੇ ਪ੍ਰਦੇਸ਼ ਉਪ-ਪ੍ਰਧਾਨ ਸਵਰਨ ਸਲਾਰੀਆ, ਜਨਰਲ ਸਕੱਤਰ ਡਾ. ਕੇਡੀ ਸਿੰਘ, ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਐਡਵੋਕੇਟ ਰਮੇਸ਼ ਚੌਧਰੀ, ਸੌਰਭ ਬਹਿਲ, ਐਡਵੋਕੇਟ ਭਾਨੂੰ ਪ੍ਰਤਾਪ ਸਿੰਘ, ਸਾਹਿਬ ਸਿੰਘ ਸਾਬਾ, ਵਿਕਾਸ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ 15 ਸਾਲ ਵਿਧਾਇਕ ਰਹੇ ਹਨ ਤੇ ਇਸ ਦੌਰਾਨ ਉਹ ਇੱਕ ਵਾਰ ਡਿਪਟੀ ਸਪੀਕਰ ਵੀ ਰਹੇ ਹਨ ਪਰ ਇਨ੍ਹਾਂ ਨੇ ਆਪਣੇ ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਅਤੇ ਨਾ ਹੀ ਵਿਧਾਨ ਸਭਾ ਅੰਦਰ ਕਦੇ ਕੋਈ ਸਮੱਸਿਆ ਉਠਾਈ ਹੈ।