83 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
ਜ਼ਿਲ੍ਹਾ ਪਰਿਸ਼ਦ ਲਈ 1,249 ਤੇ ਪੰਚਾਇਤ ਸਮਿਤੀ ਲਈ 8,098 ਉਮੀਦਵਾਰ ਚੋਣ ਮੈਦਾਨ ’ਚ
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਪੰਜਾਬ ਚੋਣ ਕਮਿਸ਼ਨ ਨੇ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਇਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਦੇ ਤਿੰਨ ਅਤੇ ਪੰਚਾਇਤ ਸਮਿਤੀ ਦੇ 83 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਲੰਘੇ ਦਿਨ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਜ਼ਿਲ੍ਹਾ ਪਰਿਸਦ ਦੇ 432 ਅਤੇ ਪੰਚਾਇਤ ਸਮਿਤੀ ਦੇ 2451 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਇਸ ਮਗਰੋਂ ਹੁਣ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਲਈ 1,249 ਉਮੀਦਵਾਰ ਅਤੇ 154 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ 8,098 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 14 ਦਸੰਬਰ ਨੂੰ ਹੋਵੇਗਾ ਤੇ ਵੋਟਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਹਾਲਾਂਕਿ ਜ਼ਿਲ੍ਹਾ ਪਰਿਸ਼ਦ ਦੇ ਤਿੰਨ ਅਤੇ ਪੰਚਾਇਤ ਸਮਿਤੀ ਦੇ 83 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਜ਼ਿਲ੍ਹਾ ਪਰਿਸ਼ਦ ਦੇ ਤਿੰਨੋਂ ਉਮੀਦਵਾਰ ਅੰਮ੍ਰਿਤਸਰ ਦੇ ਹਨ। ਜਦੋਂ ਕਿ ਪੰਚਾਇਤ ਸਮਿਤੀ ਵਿੱਚ ਅੰਮ੍ਰਿਤਸਰ ਦੇ 73, ਹੁਸ਼ਿਆਰਪੁਰ ਦੇ 17, ਮਲੇਰਕੋਟਲਾ ਦੇ 2 ਅਤੇ ਨਵਾਂਸ਼ਹਿਰ ਦਾ ਇਕ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਿਹਾ ਹੈ।
ਪਟਿਆਲਾ ’ਚ ਜ਼ਿਲ੍ਹਾ ਪਰਿਸ਼ਦ ਲਈ ਸਭ ਤੋਂ ਵੱਧ ਉਮੀਦਵਾਰ
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਚੋਣ ਦੌਰਾਨ ਪਟਿਆਲਾ ’ਚ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪਟਿਆਲਾ ਦੇ 23 ਜ਼ੋਨਾਂ ’ਤੇ 113 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਇਸੇ ਤਰ੍ਹਾਂ ਪਠਾਨਕੋਟ ਦੇ 10 ਜ਼ੋਨਾਂ ’ਤੇ ਸਭ ਤੋਂ ਘੱਟ 32 ਉਮੀਦਵਾਰ, ਅੰਮ੍ਰਿਤਸਰ ਵਿੱਚ 65, ਬਰਨਾਲਾ ਵਿੱਚ 35, ਬਠਿੰਡਾ ਵਿੱਚ 63, ਫਿਰੋਜ਼ਪੁਰ ਵਿੱਚ 66, ਫਰੀਦਕੋਟ ਵਿੱਚ 38, ਫਾਜ਼ਿਲਕਾ ਵਿੱਚ 65, ਫਤਿਹਗੜ੍ਹ ਸਾਹਿਬ ਵਿੱਚ 39, ਗੁਰਦਾਸਪੁਰ ਵਿੱਚ 73, ਹੁਸ਼ਿਆਰਪੁਰ ਵਿੱਚ 80, ਜਲੰਧਰ ਵਿੱਚ 83, ਕਪੂਰਥਲਾ ਵਿੱਚ 44, ਲੁਧਿਆਣਾ ਵਿੱਚ 97, ਮੋਗਾ ਵਿੱਚ 69, ਮਾਨਸਾ ਵਿੱਚ 42, ਮਲੇਰਕੋਟਲਾ ਵਿੱਚ 40, ਸ੍ਰੀ ਮੁਕਤਸਰ ਸਾਹਿਬ ਵਿੱਚ 51, ਰੋਪੜ ਵਿੱਚ 36, ਨਵਾਂ ਸ਼ਹਿਰ ਵਿੱਚ 38 ਅਤੇ ਸੰਗਰੂਰ ਵਿੱਚ 80 ਉਮੀਦਵਾਰ ਚੋਣ ਮੈਦਾਨ ’ਚ ਹਨ।
ਪੰਚਾਇਤ ਸਮਿਤੀ ਲਈ ਲੁਧਿਆਣਾ ’ਚ ਸਭ ਤੋਂ ਵੱਧ ਉਮੀਦਵਾਰ
ਪੰਚਾਇਤ ਸਮਿਤੀ ਚੋਣ ਲਈ ਲੁਧਿਆਣਾ ਵਿੱਚ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ’ਚ ਹਨ। ਲੁਧਿਆਣਾ ਦੇ 235 ਜ਼ੋਨਾਂ ’ਤੇ 793 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 380, ਬਰਨਾਲਾ ਵਿੱਚ 179, ਬਠਿੰਡਾ ਵਿੱਚ 448, ਫਿਰੋਜ਼ਪੁਰ ਵਿੱਚ 319, ਫਰੀਦਕੋਟ ਵਿੱਚ 227, ਫਾਜ਼ਿਲਕਾ ਵਿੱਚ 416, ਫਤਿਹਗੜ੍ਹ ਸਾਹਿਬ ਵਿੱਚ 263, ਗੁਰਦਾਸਪੁਰ ਵਿੱਚ 494, ਹੁਸ਼ਿਆਰਪੁਰ ਵਿੱਚ 582, ਜਲੰਧਰ ’ਚ 586, ਕਪੂਰਥਲਾ ’ਚ 278, ਮੋਗਾ ’ਚ 333, ਮਾਨਸਾ ਵਿੱਚ 256, ਮਲੇਰਕੋਟਲਾ ਵਿੱਚ 134, ਸ੍ਰੀ ਮੁਕਤਸਰ ਸਾਹਿਬ ਵਿੱਚ 338, ਪਟਿਆਲਾ ਵਿੱਚ 621, ਪਠਾਨਕੋਟ ਵਿੱਚ 285, ਰੋਪੜ ਵਿੱਚ 280, ਨਵਾਂ ਸ਼ਹਿਰ ਵਿੱਚ 241, ਮੁਹਾਲੀ ਵਿੱਚ 206 ਅਤੇ ਸੰਗਰੂਰ ਵਿੱਚ 439 ਉਮੀਦਵਾਰ ਚੋਣ ਮੈਦਾਨ ’ਚ ਹਨ।

