ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਐੱਮ.ਬੀ.ਬੀ.ਐੱਸ. ਦੀਆਂ 50 ਸੀਟਾਂ ਦਾ ਵਾਧਾ
ਕਮਲਜੀਤ ਕੌਰ
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ ਦੇਖ-ਰੇਖ ਹੇਠ ਚੱਲ ਰਹੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਐੱਮ.ਬੀ.ਬੀ.ਐੱਸ ਦੀਆਂ 50 ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਹੁਣ ਕਾਲਜ ਦੀਆਂ ਕੁੱਲ ਐੱਮ.ਬੀ.ਬੀ.ਐੱਸ ਵਿੱਚ 200 ਸੀਟਾਂ ਹੋ ਗਈਆਂ ਹਨ। ਮੈਡੀਕਲ ਕੌਂਸਲ ਆਫ ਇੰਡੀਆ ਨੇ ਕੁਝ ਸਮਾਂ ਪਹਿਲਾਂ ਕਾਲਜ ਦਾ ਜਾਇਜ਼ਾ ਲਿਆ ਸੀ, ਉਸ ਤੋਂ ਬਾਅਦ ਸੀਟਾਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਵੀ ਮੈਡੀਕਲ ਕਾਲਜ ਦੀਆਂ 50 ਸੀਟਾਂ ਵਧਾਈਆਂ ਗਈਆਂ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਇਸ ਫੈਸਲੇ ਨਾਲ ਪੰਜਾਬ ਨੌਜਵਾਨਾਂ ਨੂੰ ਡਾਕਟਰ ਬਣਨ ਦੇ ਹੋਰ ਮੌਕੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ 200 ਵਿਦਿਆਰਥੀਆਂ ਦੀ ਪੜ੍ਹਾਈ ਲਈ ਮੈਡੀਕਲ ਕਾਲਜ ਕੋਲ ਲੋੜੀਂਦਾ ਸਟਾਫ, ਇਮਾਰਤਾਂ, ਲੈਬੋਟਰੀਆਂ ਅਤੇ ਹੋਰ ਸਾਰਾ ਸਾਜੋ ਸਾਮਾਨ ਮੌਜੂਦ ਹੈ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਆਏ ਸਨ ਅਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਐੱਮ.ਬੀ.ਬੀ.ਐੱਸ ਦੀਆਂ 200 ਸੀਟਾਂ ਲਈ ਕਾਲਜ ਨੂੰ ਸਹੂਲਤਾਂ ਲਈ ਜਿੰਨੇ ਫੰਡਾਂ ਦੀ ਲੋੜ ਹੋਵੇਗੀ ਸਰਕਾਰ ਬਿਨਾਂ ਦੇਰੀ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਾਲਜ ਨੂੰ 500 ਕਰੋੜ ਤੋਂ ਵੱਧ ਦੇ ਫੰਡ ਭੇਜੇ ਹਨ, ਜਿਨ੍ਹਾਂ ਨਾਲ ਲੋੜੀਂਦੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਆਧੁਨਿਕ ਮਸ਼ੀਨਾਂ ਲਿਆਂਦੀਆਂ ਜਾ ਰਹੀਆਂ ਹਨ। ਵਿਧਾਇਕ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਲੋੜੀਂਦੇ ਸਟਾਫ ਦੀ ਪਹਿਲ ਦੇ ਅਧਾਰ ’ਤੇ ਭਰਤੀ ਕੀਤੀ ਜਾ ਰਹੀ ਹੈ।