ਨਸ਼ਾ ਮੁਕਤੀ ਮੋਰਚਾ ਦੇ 5 ਹਲਕਾ ਕੋਆਰਡੀਨੇਟਰ ਨਿਯੁਕਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੁਲਾਈ
ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਵਿੱਚ ਨਸ਼ਾ ਮੁਕਤੀ ਮੋਰਚਾ ਦੇ 5 ਹਲਕਾ ਕੋਆਰਡੀਨੇਟਰ ਤੇ 234 ਵਾਈਸ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਹ ਨਿਯੁਕਤੀ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਸਾਰਿਆਂ ਨੂੰ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।
ਸ੍ਰੀ ਅਰੋੜਾ ਨੇ ਸੁਖਵਿੰਦਰ ਸਿੰਘ ਨੂੰ ਹਲਕਾ ਨਕੋਦਰ ਦਾ ਕੋਆਰਡੀਨੇਟਰ, ਦਲਜੀਤ ਰਾਜੂ ਨੂੰ ਫਗਵਾੜਾ, ਜੈ ਕੁਸ਼ ਬੁੱਟਰ ਨੂੰ ਅੰਮ੍ਰਿਤਸਰ ਸੈਂਟਰਲ, ਗੁਰਪਵਨ ਸਿੰਘ ਨੂੰ ਡੇਰਾ ਬਾਬਾ ਨਾਨਕ ਅਤੇ ਗੁਰਪ੍ਰੀਤ ਸਿੰਘ ਕੌੜਾ ਨੂੰ ਮੁਹਾਲੀ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਵੱਖ-ਵੱਖ ਹਲਕਿਆਂ ਦੇ 234 ਹਲਕਾ ਵਾਈਸ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ‘ਆਪ’ ਵੱਲੋਂ ਨਸ਼ਾ ਮੁਕਤੀ ਮੋਰਚੇ ਰਾਹੀਂ ਪੰਜਾਬ ਭਰ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।