ਕਰਜ਼ਾ ਦਿਵਾਉਣ ਦੇ ਨਾਂ ’ਤੇ 36 ਲੱਖ ਠੱਗੇ
ਇਥੋਂ ਦੇ ਕਾਰੋਬਾਰੀ ਨਾਲ ਸਾਈਬਰ ਠੱਗਾਂ ਨੇ ਬੈਂਕ ਕਰਜ਼ਾ ਦਿਵਾਉਣ ਲਈ ਫਾਈਲ ਚਾਰਜ, ਪ੍ਰਕਿਰਿਆ ਫੀਸ ਅਤੇ ਕੁਝ ਹੋਰ ਮੋੜਨ-ਯੋਗ ਭੁਗਤਾਨ ਦੇ ਨਾਮ ਉੱਪਰ ਕਰੀਬ 36 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਕੇਸ ਵਿੱਚ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲੀਸ ਦੇ ਸਾਈਬਰ-ਕ੍ਰਾਈਮ...
ਇਥੋਂ ਦੇ ਕਾਰੋਬਾਰੀ ਨਾਲ ਸਾਈਬਰ ਠੱਗਾਂ ਨੇ ਬੈਂਕ ਕਰਜ਼ਾ ਦਿਵਾਉਣ ਲਈ ਫਾਈਲ ਚਾਰਜ, ਪ੍ਰਕਿਰਿਆ ਫੀਸ ਅਤੇ ਕੁਝ ਹੋਰ ਮੋੜਨ-ਯੋਗ ਭੁਗਤਾਨ ਦੇ ਨਾਮ ਉੱਪਰ ਕਰੀਬ 36 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਕੇਸ ਵਿੱਚ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲੀਸ ਦੇ ਸਾਈਬਰ-ਕ੍ਰਾਈਮ ਥਾਣੇ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀੜਤ ਸੁਨੀਲ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਅਣਪਛਾਤੇ ਨੰਬਰ ਤੋਂ ਆਏ ਫੋਨ ਰਾਹੀਂ ਉਸ ਨੂੰ ਪੰਜ ਲੱਖ ਰੁਪਏ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਕਈ ਮਹੀਨਿਆਂ ਤੱਕ ਚੱਲੇ ਇਸ ਗੋਰਖ-ਧੰਦੇ ਰਾਹੀਂ ਪੀੜਤ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਵੱਖ ਵੱਖ ਸਮੇਂ ਰਕਮ ਜਮ੍ਹਾਂ ਕਰਵਾਈ ਗਈ। ਇਸ ਤਰ੍ਹਾਂ ਕਰੀਬ 36 ਲੱਖ ਰੁਪਏ ਦੇਣ ਤੋਂ ਬਾਅਦ ਜਦੋਂ ਸੁਨੀਲ ਕੁਮਾਰ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਦੋਂ ਤੱਕ ਦੇਰ ਹੋ ਗਈ ਸੀ। ਪੀੜਤ ਕਾਰੋਬਾਰੀ ਨੇ ਜਦੋਂ ਇਹ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਡਾਕਟਰ ਅੰਕੁਰ ਗੁਪਤਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਸਾਈਬਰ-ਕ੍ਰਾਈਮ ਸੈੱਲ ਨੂੰ ਸੌਂਪੀ। ਜਾਂਚ ਦੌਰਾਨ ਪਤਾ ਲੱਗਾ ਕਿ ਜ਼ਿਆਦਾਤਰ ਬੈਂਕ ਖਾਤੇ ਦਿੱਲੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਬਹੁਤੇ ਖਾਤੇ ਬੰਦ ਹੋ ਚੁੱਕੇ ਹਨ ਜਾਂ ਉਨ੍ਹਾਂ ਵਿੱਚੋਂ ਰਕਮ ਕੱਢ ਲਈ ਗਈ ਹੈ। ਪੀੜਤ ਨੇ ਦੱਸਿਆ ਕਿ ਕਰਜ਼ੇ ਦੇ ਬਦਲੇ ਵਿੱਚ ਵੱਖ-ਵੱਖ ਫੀਸਾਂ ਦੇ ਨਾਮ ’ਤੇ ਅਤੇ ਕੁਝ ਮੋੜਨ-ਯੋਗ ਰਕਮ ਵੀ ਲਈ ਗਈ ਸੀ। ਇਹ ਰਕਮ ਲੈਣ ਤੋਂ ਬਾਅਦ ਜਿਨ੍ਹਾਂ ਨੰਬਰਾਂ ਤੋਂ ਫੋਨ ਆਉਂਦੇ ਸਨ ਉਹ ਬੰਦ ਹੋ ਗਏ।
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਸਾਈਬਰ-ਕ੍ਰਾਈਮ ਸੈੱਲ ਦੀ ਇੰਚਾਰਜ ਦਮਨਦੀਪ ਕੌਰ ਨੇ ਦੱਸਿਆ ਕਿ ਠੱਗੀ ਮਾਰਨ ਵਾਲੇ ਨੇ ਏਅਰਟੈੱਲ ਪੇਅਮੈਂਟ ਬੈਂਕ ਦਾ ਅਧਿਕਾਰੀ ਦੱਸ ਕੇ ਪੀੜਤ ਨੂੰ ਜਾਲ ਵਿੱਚ ਫਸਾਇਆ ਸੀ। ਫੋਨ ਕਾਲ ਰਿਕਾਰਡ, ਬੈਂਕ ਵਿੱਚ ਹੋਏ ਲੈਣ-ਦੇਣ ਅਤੇ ਹੋਰ ਕੁਝ ਤਕਨੀਕੀ ਸਾਧਨਾਂ ਰਾਹੀਂ ਠੱਗਾਂ ਤੱਕ ਪਹੁੰਚਣ ਲਈ ਯਤਨ ਕੀਤੇ ਜਾ ਰਹੇ ਹਨ।

