ਵੜਿੰਗ ਟੌਲ ਪਲਾਜ਼ਾ ਬੰਦ ਕਰਨ ਜਾਂਦੇ 30 ਧਰਨਾਕਾਰੀ ਹਿਰਾਸਤ ’ਚ ਲਏ
ਮੁਕਤਸਰ-ਕੋਟਕਪੂਰਾ ਰੋਡ ਉੱਪਰ ਸਥਿਤ ਵੜਿੰਗ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਲਾਇਆ ਧਰਨਾ ਇਕ ਦਿਨ ਪਹਿਲਾਂ ਹੀ ਪੁਲੀਸ ਨੇ 38 ਧਰਨਾਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਜਬਰੀ ਚੁਕਾਵਾਇਆ ਸੀ। ਅੱਜ ਮੁੜ ਧਰਨਾ ਲਾਉਣ ਜਾਂਦੇ ਕਰੀਬ 30 ਧਰਨਾਕਾਰੀਆਂ ਨੂੰ ਥਾਣਾ ਬਰੀਵਾਲਾ ਦੀ ਪੁਲੀਸ ਨੇ ਹਿਰਾਸਤ ’ਚ ਲਿਆ ਹੈ।
ਇਸ ਮਾਮਲੇ ’ਤੇ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵੀਡੀਓ ਰਾਹੀਂ ਚਿਤਵਾਨੀ ਦਿੱਤੀ ਸੀ ਕਿ ਜੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਨਾ ਛੱਡਿਆ ਗਿਆ ਤੇ ਟੌਲ ਪਲਾਜ਼ਾ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸੇ ਲੜੀ ਤਹਿਤ ਅੱਜ ਵੱਡੀ ਗਿਣਤੀ ਕਿਸਾਨ ਟੌਲ ਪਲਾਜ਼ਾ ਬੰਦ ਕਰਨ ਲਈ ਲਾਗਲੇ ਪਿੰਡ ਝਬੇਲਵਾਲੀ ਵਿੱਚ ਬੈਠਕ ਕਰ ਰਹੇ ਸਨ। ਇਸ ਦੌਰਾਨ ਥਾਣਾ ਬਰੀਵਾਲਾ ਦੀ ਪੁਲੀਸ ਨੇ ਕਰੀਬ 30 ਧਰਨਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਥੇਬੰਦੀ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ 2017 ਤੋਂ ਚੱਲਦੇ ਟੌਲ ਪਲਾਜ਼ਾ ਦੀ ਕੰਪਨੀ ਨੇ ਇਸ ਸੜਕ ’ਤੇ ਸਥਿਤ ਨਹਿਰਾਂ ਰਾਜਸਥਾਨ ਫੀਡਰ ਅਤੇ ਸਰਹਿੰਦ ਕੈਨਾਲ ਦੇ ਨਵੇਂ ਪੁਲ ਬਣਾਉਣੇ ਸਨ ਜੋ ਬਣਾਏ ਨਹੀਂ ਗਏ। ਇਸ ਮੰਗ ਲਈ ਜਥੇਬੰਦੀ ਵੱਲੋਂ 27 ਅਗਸਤ ਤੋਂ ਟੌਲ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਸੀ ਜਿਸ ਨੂੰ 10 ਸਤੰਬਰ ਨੂੰ ਪ੍ਰਸ਼ਾਸਨ ਨੇ ਚਾਲੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਾਂ ਦਾ ਨਿਰਮਾਣ ਮੁਕੰਮਲ ਨਹੀਂ ਹੁੰਦਾ ਉਹ ਸੰਘਰਸ਼ ਜਾਰੀ ਰੱਖਣਗੇ।
ਅਦਾਲਤ ਨੇ 38 ਧਰਨਾਕਾਰੀ ਜੇਲ੍ਹ ਭੇਜੇ
ਟੌਲ ਪਲਾਜ਼ਾ ਤੋਂ ਧਰਨਾ ਖ਼ਤਮ ਕਰਾਉਣ ਸਮੇਂ ਪੁਲੀਸ ਵੱਲੋਂ ਹਿਰਾਸਤ ’ਚ ਲਈ 38 ਧਰਨਾਕਾਰੀਆਂ ਨੂੰ ਅੱਜ ਐੱਸ ਡੀ ਐੱਮ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਨੇ 15 ਸਤੰਬਰ ਤੱਕ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਵਿੱਚੋਂ 14 ਖ਼ਿਲਾਫ਼ ਥਾਣਾ ਬਰੀਵਾਲਾ ’ਚ ਤੇ 24 ਖ਼ਿਲਾਫ਼ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿੱਚ ਕੇਸ ਦਰਜ ਹਨ। ਧਰਨਾਕਾਰੀ ਬੀਕੇਯੂ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ, ਬਲਾਕ ਪ੍ਰਧਾਨ ਜਸਵੀਰ ਸਿੰਘ ਵੱਟੂ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਜੰਮੂਆਣਾ, ਰਾਜਵੀਰ ਸਿੰਘ ਉਦੇਕਰਨ, ਇੰਦਰਜੀਤ ਸਿੰਘ ਹਰਾਜ, ਹਰਗੋਬਿੰਦ ਸਿੰਘ ਹਰੀਕੇ ਕਲਾਂ ਕਨਵੀਨਰ, ਸੰਤੋਖ ਢਿੱਲੋਂ, ਗੁਰਾਂਦਿੱਤਾ ਸਿੰਘ ਹਰੀਕੇ ਕਲਾਂ, ਬਲਵੰਤ ਸਿੰਘ, ਪਿਆਰਾ ਸਿੰਘ, ਸੰਦੀਪ ਸਿੰਘ ਬਰੀਵਾਲਾ, ਜਸਵੀਰ ਸਿੰਘ ਜੱਸਾ, ਹਰਜਿੰਦਰ ਸਿੰਘ, ਗੁਰਾ ਸਿੰਘ ਵੜਿੰਗ ਵੱਲੋਂ ਜ਼ਮਾਨਤਾਂ ਕਰਾਉਣ ਤੋਂ ਨਾਂਹ ਕਰਨ ’ਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਹੈ।