ਬੱਸ ਤੇ ਮੋਟਰ ਸਾਈਕਲ ਦੀ ਆਹਮੋ-ਸਾਹਮਣੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 1 ਜੂਨ
ਇਥੇ ਕੋਟਕਪੂਰਾ ਮੋਗਾ ਸੜਕ ’ਤੇ ਪੰਜਗਰਾਈਂ ਨਜ਼ਦੀਕ ਬੱਸ ਅਤੇ ਮੋਟਰਸਾਈਕਲ ਦੀ ਆਹਮੋ ਸਾਹਮਣੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਵੰਸ਼ (19), ਲਵ (19) ਅਤੇ ਹੈਪੀ (20) ਵਜੋਂ ਹੋਈ ਹੈ। ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਾਘਾਪੁਰਾਣਾ ਨਾਲ ਸਬੰਧਤ ਇਹ ਤਿੰਨੇ ਨੌਜਵਾਨ ਮੋਟਰਸਾਈਕਲ ’ਤੇ ਬਾਘਾਪੁਰਾਣਾ ਤੋਂ ਕੋਟਕਪੂਰਾ ਆ ਰਹੇ ਸਨ ਜਦੋਂਕਿ ਪੀਆਰਟੀਸੀ ਦੀ ਬੱਸ ਜੈਤੋ ਤੋਂ ਚੰਡੀਗੜ੍ਹ ਜਾ ਰਹੀ ਸੀ। ਪੰਜਗਰਾਈਂ ਨਜ਼ਦੀਕ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ ਅਤੇ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।
ਟੱਕਰ ਐਨੀ ਭਿਆਨਕ ਸੀ ਕਿ ਦੋ ਨੌਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਇੱਕ ਦੀ ਹਸਪਤਾਲ ਲਿਆਉਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਏਐੱਸਆਈ ਨਵਦੀਪ ਸਿੰਘ ਚੌਕੀ ਇੰਚਾਰਜ ਪੰਜਗਰਾਈਂ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਸ਼ਾਂ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਟਰੈਕਟਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਥਾਣਾ ਸ਼ਹਿਣਾ ਦੇ ਪਿੰਡ ਉੱਗੋਕੇ ਕੋਲ ਇੱਕ ਸੜਕ ਹਾਦਸੇ ਵਿੱਚ ਟਰੈਕਟਰ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੈਮਲ ਸਿੰਘ ਵਾਲਾ ਤੋਂ ਤਿੰਨ ਜਣੇ ਟਰੈਕਟਰ ਟਰਾਲੀ ’ਤੇ ਪਿੰਡ ਗਿੱਲ ਕੋਠੇ ਜਾ ਰਹੇ ਸਨ। ਪਿੰਡ ਉੱਗੋਕੇ ਟਰੈਕਟਰ ਟਰਾਲੀ ਅੱਗੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆਉਣ ਕਾਰਨ ਟਰੈਕਟਰ ਚਾਲਕ ਸੰਤੁਲਨ ਗੁਆ ਬੈਠਾ। ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਦੇ ਪਾਸੇ ’ਤੇ ਬੈਠਾ ਲਖਵੀਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਮਹਿਲ ਕਲਾਂ ਟਰੈਕਟਰ ਤੋਂ ਥੱਲੇ ਡਿੱਗ ਪਿਆ ਅਤੇ ਟਰੈਕਟਰ ਦੇ ਟਾਇਰ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਟਰੈਕਟਰ ’ਤੇ ਬੈਠੇ ਜਸਕਰਨ ਸਿੰਘ ਵਾਸੀ ਮਹਿਲ ਕਲਾਂ ਅਤੇ ਜਸਵੀਰ ਸਿੰਘ ਵਾਸੀ ਛੀਨੀਵਾਲ ਵਾਲ-ਵਾਲ ਬਚ ਗਏ। ਮੋਟਰ ਸਾਈਕਲ ਸਵਾਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਥਾਣਾ ਸ਼ਹਿਣਾ ਦੇ ਐਸਐਚਓ ਗੁਰਮੰਦਰ ਸਿੰਘ ਅਤੇ ਏਐਸਆਈ ਬਲੀ ਰਾਮ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।