ਪੰਜਾਬ ’ਚ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ 266 ਕੇਸ ਦਰਜ ਕੀਤੇ ਗਏ ਹਨ। ਇਸ ਤਹਿਤ 16,80,000 ਰੁਪਏ ਕੀਤੇ ਜੁਰਮਾਨੇ ’ਚੋਂ 12 ਲੱਖ ਵਸੂਲ ਕੀਤਾ ਗਿਆ ਹੈ। ਹੁਣ ਤੱਕ ਅੱਧੇ ਤੋਂ ਵੱਧ ਝੋਨਾ ਵੱਢਿਆ ਜਾ ਚੁੱਕਾ ਹੈ। ਇਸ ਕਾਰਨ ਪਰਾਲੀ ਸਾੜਨ ਦੇ ਕੇਸ ਵਧ ਸਕਦੇ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਅਨੁਸਾਰ ਪੰਜਾਬ ’ਚ ਕੁੱਲ 31.72 ਲੱਖ ਹੈਕਟੇਅਰ ਰਕਬੇ ’ਚ ਝੋਨਾ ਲਗਾਇਆ ਗਿਆ ਸੀ। ਇਸ ’ਚੋਂ 56.55 ਫ਼ੀਸਦੀ ਝੋਨਾ ਵੱਢਿਆ ਜਾ ਚੁੱਕਾ ਹੈ। ਪੰਜਾਬ ਵਿੱਚ 743 ਖੇਤਾਂ ’ਚ ਪਰਾਲੀ ਨੂੰ ਅੱਗ ਲਾਈ ਗਈ ਹੈ। ਪੀ ਪੀ ਸੀ ਬੀ ਨੇ ਜਦੋਂ 598 ਖੇਤ ਚੈੱਕ ਕੀਤੇ ਤਾਂ 339 ਖੇਤਾਂ ’ਚ ਪਰਾਲੀ ਫੂਕਣ ਦੀ ਪੁਸ਼ਟੀ ਹੋਈ। ਇਨ੍ਹਾਂ ਵਿੱਚੋਂ 329 ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 16.80 ਲੱਖ ਦੇ ਜੁਰਮਾਨੇ ਲਗਾਏ ਹਨ। 12 ਲੱਖ ਦੀ ਰਕਮ ਵਸੂਲ ਵੀ ਕਰ ਲਈ ਗਈ ਹੈ। ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 223 ਅਧੀਨ 266 ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਇਲਾਵਾ 296 ਖੇਤਾਂ ਨੂੰ ਰੈੱਡ ਐਂਟਰੀ ਵਿੱਚ ਰੱਖਿਆ ਹੈ। 363 ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਪਰਾਲੀ ਸਾੜਨ ਦੇ ਸਭ ਤੋਂ ਵੱਧ 107 ਮਾਮਲੇ ਤਰਨ ਤਾਰਨ ਵਿੱਚ ਸਾਹਮਣੇ ਆਏ ਹਨ। ਦੂਜੇ ਸਥਾਨ ’ਤੇ ਅੰਮ੍ਰਿਤਸਰ ’ਚ 68, ਫ਼ਿਰੋਜ਼ਪੁਰ ’ਚ 53 ਤੇ ਗੁਰਦਾਸਪੁਰ ’ਚ 19 ਮਾਮਲੇ ਹਨ। ਸੰਗਰੂਰ ’ਚ 14 ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਨੋਡਲ ਅਫ਼ਸਰ ਅੰਮ੍ਰਿਤਪਾਲ ਸਿੰਘ ਚਾਹਲ ਨੇ ਦੱਸਿਆ ਕਿ ਰੋਜ਼ਾਨਾ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਅਜਿਹਾ ਵਾਰ ਵਾਰ ਕਰਨ ਵਾਲੇ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ ਤੇ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੇ ਕੇਸ ਘੱਟ ਹਨ।
ਪਟਿਆਲਾ ਜ਼ਿਲ੍ਹੇ ਵਿੱਚ 29 ਕੇਸ ਦਰਜ
ਪਟਿਆਲਾ ਜ਼ਿਲ੍ਹੇ ਦੀ ਨੋਡਲ ਅਫ਼ਸਰ ਐਕਸੀਅਨ ਕਵਲਦੀਪ ਕੌਰ ਨੇ ਦੱਸਿਆ ਕਿ ਪਟਿਆਲਾ ’ਚ ਅੱਜ ਤੱਕ ਪਰਾਲੀ ਸਾੜਨ ਦੇ 39 ਕੇਸ ਰਿਪੋਰਟ ਕੀਤੇ ਗਏ ਹਨ। ਇਨ੍ਹਾਂ ’ਚੋਂ 29 ਕੇਸਾਂ ’ਚ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਹੈ ਤੇ 29 ਹੀ ਕੇਸ ਦਰਜ ਕੀਤੇ ਗਏ ਹਨ। ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 1.35 ਲੱਖ ਜੁਰਮਾਨਾ ਕੀਤਾ ਗਿਆ ਹੈ।

