ਤਰਨ ਤਾਰਨ ਦੇ ਕਿਸਾਨਾਂ ਦੀ 250 ਏਕੜ ਜ਼ਮੀਨ ਪਾਣੀ ਦੀ ਮਾਰ ਹੇਠ
ਇਲਾਕੇ ਦੇ ਪਿੰਡ ਸੂਰਵਿੰਡ ਅਤੇ ਭੈਣੀ ਗੁਰਮੁੱਖ ਸਿੰਘ ਦੀ ਕਰੀਬ 250 ਏਕੜ ਫਸਲ ਇਸ ਵਾਰ ਫਿਰ ਬਾਰਸ਼ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ| ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੱਕ ਸ਼ਿਕਾਰ ਹੁੰਦੇ ਆ ਰਹੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਬੀਤੇ ਦਹਾਕਿਆਂ ਤੋਂ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਲਗਾਤਾਰ ਪ੍ਰਸ਼ਾਸਨ ਤੱਕ ਅਪੀਲਾਂ ਕੀਤੀਆਂ ਹਨ| ਹੁਣ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਸਬੰਧੀ ਮਿਲਣ ਲਈ ਸਮੇਂ ਦੀ ਮੰਗ ਕੀਤੀ ਹੈ| ਇਸ ਮਾਰ ਤੋਂ ਵਧੇਰੇ ਪ੍ਰਭਾਵਿਤ ਸੂਰਵਿੰਡ ਦੇ ਕਿਸਾਨ ਨੰਬਰਦਾਰ ਸੁਰਜੀਤ ਸਿੰਘ, ਪ੍ਰਿਤਪਾਲ ਸਿੰਘ, ਸਿਕੰਦਰ ਸਿੰਘ, ਗੁਰਬਖਸ਼ ਸਿੰਘ, ਸਵਰਨ ਸਿੰਘ ਫੌਜੀ, ਸੁਖਚੈਨ ਸਿੰਘ, ਬਲਵੰਤ ਸਿੰਘ, ਪਰਗਟ ਸਿੰਘ, ਇੰਦਰਜੀਤ ਸਿੰਘ ਅਤੇ ਪਿੰਡ ਭੈਣੀ ਗੁਰਮੁੱਖ ਸਿੰਘ ਦੇ ਕਿਸਾਨ ਸਤਨਾਮ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਬੋਹੜਾਂ ਵਾਲਾ, ਇੰਦਰਜੀਤ ਸਿੰਘ ਪਾਠੀ ਆਦਿ ਹਨ| ਉਨ੍ਹਾਂ ਅੱਜ ਇਥੇ ਦੱਸਿਆ ਕਿ ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਰਕੇ ਇਲਾਕੇ ਦੇ ਘੁਰਕਵਿੰਡ, ਫੱਤਾਖੋਜਾ, ਬੈਂਕਾ, ਲਖਣਾ, ਬਾਠ, ਬੇਗੇਪੁਰ, ਬਗਰਾੜੀ ਆਦਿ 10 ਦੇ ਕਰੀਬ ਪਿੰਡਾਂ ਦਾ ਪਾਣੀ ਉਨ੍ਹਾਂ ਦੇ 250 ਏਕੜ ਰਕਬੇ ਵਿੱਚ ਇਸ ਵਾਰ ਮੁੜ ਵੜ ਗਿਆ ਹੈ| ਇਸ ਨਾਲ ਉਨ੍ਹਾਂ ਦੀ ਬੀਜੀ ਹੋਈ ਫਸਲ ਦੇ ਬਚਾਅ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ| ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਹਿਲਾਂ ਤੋਂ ਬਣੇ ਪ੍ਰਾਜੈਕਟ ਤਹਿਤ ਇਸ ਪਾਣੀ ਨੂੰ ਇਕ ਨਾਲੇ ਰਾਹੀਂ ਇਲਾਕੇ ਦੇ ਪਿੰਡ ਕਾਲੇ ਦੀ ਕਸੂਰ ਡਰੇਨ ਵਿੱਚ ਪਾਉਣ ਨੂੰ ਲਾਗੂ ਨਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਹੈ| ਕਿਸਾਨਾਂ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਖਰਾਬ ਹੋਈ ਜਾ ਰਹੀ ਆਪਣੀ ਫਸਲ ਲਈ ਮੁਆਵਜ਼ੇ ਦੀ ਮੰਗ ਕਰਦੇ ਆ ਰਹੇ ਹਨ ਪਰ ਪ੍ਰਸ਼ਾਸਨ ਸੁਣਵਾਈ ਕਰਨ ਨੂੰ ਤਿਆਰ ਨਹੀਂ ਹੈ| ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਇਸ ਮੁੱਦੇ ਨੂੰ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਉਚੇਚੇ ਤੌਰ ’ਤੇ ਉਭਾਰਨ ਦਾ ਐਲਾਨ ਕਰਦਿਆਂ ਸਰਕਾਰ ਨੂੰ ਇਸ ਮਾਮਲੇ ਦਾ ਪੱਕਾ ਹੱਲ ਕੀਤੇ ਜਾਣ ਦੀ ਅਪੀਲ ਕੀਤੀ ਹੈ|
ਪਾਣੀ ਕੱਢਣ ਲਈ ਟੀਮਾਂ ਭੇਜੀਆਂ: ਡੀਸੀ
ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ ਇਹ ਪਾਣੀ ਬਾਰਸ਼ ਕਾਰਨ ਖੜ੍ਹਾ ਹੈ, ਜਿਸ ਕਰਕੇ ਖੜ੍ਹੇ ਪਾਣੀ ਨੂੰ ਕੱਢਣ ਲਈ ਮੌਕੇ ’ਤੇ ਟੀਮਾਂ ਭੇਜ ਦਿੱਤੀਆਂ ਗਈਆਂ ਹਨ|