ਨਸ਼ਾ ਛੁਡਾਊ ਕੇਂਦਰ ’ਚੋਂ 25 ਨੌਜਵਾਨ ਛੁਡਵਾਏ
ਸਿਹਤ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਨੇ ਪਿੰਡ ਦਾਖਾ ’ਚ ਗੁਰਦੁਆਰੇ ਦੇ ਨੇੜੇ ਚੱਲਦੇ ਅਣਅਧਿਕਾਰਤ ਨਸ਼ਾ ਛੁਡਾਊ ਤੇ ਮੁੜ-ਵਸੇਬਾ ਕੇਂਦਰ ਦਾ ਪਰਦਾਫਾਸ਼ ਕਰਦਿਆਂ ਅੰਦਰ ਤਾੜੇ 25 ਨੌਜਵਾਨ ਛੁਡਵਾਏ ਹਨ। ਛੁਡਵਾਏ ਗਏ ਨੌਜਵਾਨਾਂ ਨੂੰ ਮੈਡੀਕਲ ਮੁਆਇਨੇ ਲਈ ਸਿਵਲ ਹਸਪਤਾਲ ਜਗਰਾਉਂ ਭੇਜਿਆ ਗਿਆ...
ਸਿਹਤ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਨੇ ਪਿੰਡ ਦਾਖਾ ’ਚ ਗੁਰਦੁਆਰੇ ਦੇ ਨੇੜੇ ਚੱਲਦੇ ਅਣਅਧਿਕਾਰਤ ਨਸ਼ਾ ਛੁਡਾਊ ਤੇ ਮੁੜ-ਵਸੇਬਾ ਕੇਂਦਰ ਦਾ ਪਰਦਾਫਾਸ਼ ਕਰਦਿਆਂ ਅੰਦਰ ਤਾੜੇ 25 ਨੌਜਵਾਨ ਛੁਡਵਾਏ ਹਨ। ਛੁਡਵਾਏ ਗਏ ਨੌਜਵਾਨਾਂ ਨੂੰ ਮੈਡੀਕਲ ਮੁਆਇਨੇ ਲਈ ਸਿਵਲ ਹਸਪਤਾਲ ਜਗਰਾਉਂ ਭੇਜਿਆ ਗਿਆ ਹੈ। ਪੁਲੀਸ ਤੇ ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸੈਂਟਰ ਕੋਲ ਸਰਕਾਰ ਪਾਸੋਂ ਕੋਈ ਪ੍ਰਮਾਣਿਤ ਦਸਤਾਵੇਜ਼ ਨਾ ਹੋਣ ਤੇ ਨਾ ਹੀ ਇਲਾਜ ਲਈ ਲੋੜੀਂਦੇ ਕਾਗਜ਼ਾਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੈਂਟਰ ਦੇ ਦੋ ਸੰਚਾਲਕਾਂ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਚੱਕ ਕਲਾਂ ਅਤੇ ਜਗਮਿੰਦਰ ਸਿੰਘ ਵਾਸੀ ਪੱਤੀ ਜਲਾਲ ਦਾਖਾ ਖ਼ਿਲਾਫ਼ ਕੇਸ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇਸ ਅਣ-ਅਧਿਕਾਰਤ ਨਸ਼ਾ ਛੁਡਾਊ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਵੇਰਵਿਆਂ ਮੁਤਾਬਕ ਡੀ ਐੱਮ ਸੀ ਲੁਧਿਆਣਾ ਦੇ ਇੱਕ ਪੱਤਰ ਮਗਰੋਂ ਇਹ ਕਰਵਾਈ ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਸਿਹਤ ਵਿਭਾਗ ਅਤੇ ਪੁਲੀਸ ਟੀਮਾਂ ਨੇ ਕੀਤੀ। ਜਦੋਂ ਇਹ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਅਣਅਧਿਕਾਰਤ ਸੈਂਟਰ ਨੂੰ ਬਾਹਰੋਂ ਜਿੰਦਰਾ ਲੱਗਿਆ ਮਿਲਿਆ ਪਰ ਅੰਦਰ ਕੁਝ ਨੌਜਵਾਨ ਬੰਦ ਹੋਣ ਦਾ ਪਤਾ ਲੱਗਾ। ਸਾਰੇ ਨੌਜਵਾਨਾਂ ਨੂੰ ਜਿੰਦਰਾ ਤੋੜ ਕੇ ਬਾਹਰ ਕੱਢਿਆ ਗਿਆ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ 25 ਵਿਅਕਤੀ ਅਣਅਧਿਕਾਰਤ ਸੈਂਟਰ ’ਚ ਬੰਦੀ ਬਣਾਏ ਹੋਏ ਸਨ। ਸੈਂਟਰ ਕੋਲ ਸਰਕਾਰ ਤੋਂ ਪ੍ਰਮਾਣਿਤ ਜਾਂ ਇਲਾਜ ਕਰਨ ਸਬੰਧੀ ਮਨਜ਼ੂਰੀ ਬਾਰੇ ਕੋਈ ਦਸਤਾਵੇਜ਼ ਮੌਜੂਦ ਨਹੀਂ ਸੀ।

