ਮਹਿੰਦਰ ਸਿੰਘ ਰੱਤੀਆਂ
ਮੋਗਾ ਜ਼ਿਲ੍ਹੇ ਵਿੱਚ 232 ਵਿਅਕਤੀ ਡੇਂਗੂ ਦੀ ਲਪੇਟ ’ਚ ਆਏ ਹਨ। ਇਸ ਦੌਰਾਨ ਇੱਕ ਅਧਿਆਪਕਾ ਦੀ ਸ਼ੱਕੀ ਹਾਲਤ ’ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਡਾ. ਪਰਦੀਪ ਮਹਿੰਦਰਾ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਜ਼ਿਲ੍ਹੇ ਵਿਚ ਕੁੱਲ 232 ਮਰੀਜ਼ਾਂ ਵਿਚੋਂ ਸਿਰਫ 12 ਮਰੀਜ਼ ਹੀ ਇਲਾਜ ਅਧੀਨ ਹਨ। ਜ਼ਿਲ੍ਹੇ ਵਿਚ ਡੇਂਗੂ ਅਤੇ ਚਿਕਨਗੁਨੀਆ ਨੂੰ ਕੰਟਰੋਲ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਜਾਣਕਾਰੀ ਮੁਤਾਬਕ ਨਿੱਜੀ ਹਸਪਤਾਲਾਂ ’ਚ ਵੱਡੀ ਗਿਣਤੀ ’ਚ ਡੇਂਗੂ ਤੇ ਚਿਕਨਗੁਨੀਆ ਮਰੀਜ਼ ਆ ਰਹੇ ਹਨ। ਮਰੀਜ਼ ਨਿੱਜੀ ਹਸਪਤਾਲਾਂ ਜਾਂ ਘਰਾਂ ਵਿਚ ਅਤੇ ਪਿੰਡਾਂ ਵਿੱਚ ਬੈਠੇ ਡਾਕਟਰਾਂ ਤੋਂ ਇਲਾਜ ਕਰਵਾ ਰਹੇ ਹਨ। ਤੇਜ਼ ਬੁਖਾਰ, ਸਰੀਰ ਵਿੱਚ ਦਰਦ ਅਤੇ ਜੋੜਾਂ ਵਿੱਚ ਗੰਭੀਰ ਦਰਦ, ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਹਾਲ ਹੀ ਵਿੱਚ ਇੱਕ ਅਧਿਆਪਕਾ ਦੀ ਸ਼ੱਕੀ ਹਾਲ ਵਿੱਚ ਮੌਤ ਹੋਣ ਮਗਰੋਂ ਸਿਹਤ ਵਿਭਾਗ ਹਰਕਤ ਵਿੱਚ ਆਇਆ ਹੈ। ਸਿਹਤ ਵਿਭਾਗ ਦੇ ਬਲਾਕ ਮੋਗਾ, ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਅਧੀਨ ਆਉਂਦੇ ਸਾਰੇ ਕੇਂਦਰਾਂ ਵਿੱਚ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

