ਕੈਂਪ ਦੌਰਾਨ 2287 ਯੂਨਿਟ ਖੂਨ ਇਕੱਤਰ
ਸੋਹਾਣਾ ਦੇ ਨੌਂ ਹਸਪਤਾਲਾਂ ਦੀਆਂ ਟੀਮਾਂ ਨੇ ਲਿਆ ਹਿੱਸਾ; ਵਾਲੰਟੀਅਰਾਂ ਨੂੰ ਪੰਜੀਰੀ ਵੰਡੀ
ਇਥੋਂ ਦੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਅਕਾਲ ਤਖ਼ਤ ਸਾਹਿਬ ਅਤੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਜਿਨ੍ਹਾਂ ਅੰਗਰੇਜ਼ਾਂ ਨਾਲ ਲੜਦਿਆਂ ਸ਼ਹਾਦਤ ਦਿੱਤੀ, ਦੇ ਜਨਮ ਦਿਹਾੜੇ ਮੌਕੇ ਅੱਜ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ ਨੌਂ ਹਸਪਤਾਲਾਂ ਦੀਆਂ ਟੀਮਾਂ ਨੇ 2287 ਯੂਨਿਟ ਖੂਨ ਇਕੱਤਰ ਕੀਤਾ। ਦੋ ਦਿਨ ਚੱਲੇ ਗੁਰਮਿਤ ਸਮਾਗਮਾਂ ਦੌਰਾਨ ਦੋ ਲੱਖ ਦੇ ਕਰੀਬ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਕਈ ਧਾਰਮਿਕ ਸ਼ਖ਼ਸੀਅਤਾਂ, ਰਾਗੀਆਂ-ਢਾਡੀਆਂ ਤੇ ਕਥਾਵਾਚਕਾਂ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਖੂਨਦਾਨ ਕੈਂਪ ਵਿੱਚ ਪੀ ਜੀ ਆਈ, ਜਨਰਲ ਹਸਪਤਾਲ ਸੈਕਟਰ 16, ਸਰਕਾਰੀ ਹਸਪਤਾਲ ਸੈਕਟਰ 32, ਰੋਟਰੀ ਬਲੱਡ ਬੈਂਕ ਸੈਕਟਰ 37, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ, ਸਿਵਲ ਹਸਪਤਾਲ ਮੁਹਾਲੀ, ਸਿਵਲ ਹਸਪਤਾਲ ਖਰੜ, ਸਿਵਲ ਹਸਤਪਾਲ ਰੋਪੜ ਅਤੇ ਮੈਕਸ ਹਸਪਤਾਲ ਮੁਹਾਲੀ ਦੇ ਬਲੱਡ ਬੈਂਕ ਦੀਆਂ ਟੀਮਾਂ ਨੇ 2287 ਯੂਨਿਟ ਖੂਨ ਇਕੱਤਰ ਕੀਤਾ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਬੁਲਾਰੇ ਸਤਵਿੰਦਰ ਸਿੰਘ ਸੋਢੀ ਅਤੇ ਹੋਰ ਅਹੁਦੇਦਾਰਾਂ ਵੱਲੋਂ ਖੂਨਦਾਨੀਆਂ ਨੂੰ ਦੇਸੀ ਘਿਓ ਦੀ ਪੰਜ਼ੀਰੀ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟਾਂ ਦਿੱਤੇ ਗਏ। ਕੈਂਪ ਮੌਕੇ ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਭਾਈ ਅਮਰਾਓ ਸਿੰਘ ਲੰਬਿਆਂ ਵਾਲੇ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਕਈ ਸੰਤ-ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਅਤੇ ਵਾਲੰਟੀਅਰਾਂ ਨੂੰ ਆਸ਼ੀਰਵਾਦ ਦਿੱਤਾ।

