1984 anti-Sikh riots: ਫਾਂਸੀ ਜਾਂ ਉਮਰ ਕੈਦ! ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਤੱਕ ਰਾਖਵਾਂ
Court reserves order on quantum of sentence against Sajjan Kumar
ਨਵੀਂ ਦਿੱਲੀ, 21 ਫਰਵਰੀ
ਜੱਜ ਕਾਵੇਰੀ ਬਵੇਜਾ ਦੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸਜ਼ਾ ਉੱਤੇ ਫੈਸਲਾ 25 ਫਰਵਰੀ ਲਈ ਰਾਖਵਾਂ ਰੱਖ ਲਿਆ ਹੈ। ਉਂਝ ਸੁਣਵਾਈ ਦੌਰਾਨ ਸ਼ਿਕਾਇਤਕਰਤਾ, ਜਿਸ ਦੇ ਪਤੀ ਤੇ ਪੁੱਤ ਦੀ ਕੁਮਾਰ ਵੱਲੋਂ ਉਕਸਾਏ ਹਜੂਮ ਨੇ ਹੱਤਿਆ ਕਰ ਦਿੱਤੀ ਸੀ, ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ (ਸੱਜਣ ਕੁਮਾਰ) ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ 1 ਨਵੰਬਰ 1984 ਨੂੰ ਹੱਤਿਆ ਕੀਤੀ ਗਈ ਸੀ। ਸ਼ੁਰੂਆਤ ਵਿਚ ਪੰਜਾਬੀ ਬਾਗ ਪੁਲੀਸ ਥਾਣੇ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸੰਭਾਲ ਲਈ।
ਅਦਾਲਤ ਨੇ 16 ਦਸੰਬਰ, 2021 ਨੂੰ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਸਨ। ਇਸਤਗਾਸਾ ਧਿਰ ਨੇ ਦੋਸ਼ ਲਗਾਇਆ ਹੈ ਕਿ ਘਾਤਕ ਹਥਿਆਰਾਂ ਨਾਲ ਲੈਸ ਇੱਕ ਵੱਡੇ ਹਜੂਮ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਿੱਖਾਂ ਦੀਆਂ ਜਾਇਦਾਦਾਂ ਨੂੰ ਵੱਡੇ ਪੱਧਰ ’ਤੇ ਲੁੱਟਿਆ ਤੇ ਅੱਗਜ਼ਨੀ ਕੀਤੀ।
ਇਸਤਗਾਸਾ ਧਿਰ ਨੇ ਦਾਅਵਾ ਕੀਤਾ ਕਿ ਭੀੜ ਨੇ ਸ਼ਿਕਾਇਤਕਰਤਾ, ਜੋ ਕਿ ਜਸਵੰਤ ਦੀ ਪਤਨੀ ਹੈ, ਦੇ ਘਰ ’ਤੇ ਹਮਲਾ ਕੀਤਾ। ਸਾਮਾਨ ਲੁੱਟਿਆ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਗਾਉਣ ਤੋਂ ਇਲਾਵਾ ਪਿਉ ਪੁੱਤ ਦੀ ਹੱਤਿਆ ਕਰ ਦਿੱਤੀ। -ਪੀਟੀਆਈ