169 ਸਾਲ ਪੁਰਾਣੇ ਸਕੂਲ ਨੂੰ ਜਿੰਦਾ
ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਦੋ ਸਾਬਕਾ ਮੁੱਖ ਮੰਤਰੀਆਂ ਜਸਟਿਸ ਗੁਰਨਾਮ ਸਿੰਘ ਅਤੇ ਬੇਅੰਤ ਸਿੰਘ ਸਮੇਤ ਡੇਰਾ ਬਿਆਸ ਦੇ ਮੁਖੀ ਬਾਬਾ ਸਾਵਣ ਸਿੰਘ ਸਮੇਤ ਹੋਰ ਅਨੇਕਾਂ ਅਹਿਮ ਹਸਤੀਆਂ ਦੀ ਪਾਠਸ਼ਾਲਾ ਵਜੋਂ ਜਾਣੇ ਜਾਂਦੇ ਪਿੰਡ ਗੁੱਜਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਨੂੰ ‘ਅਸੁਰੱਖਿਅਤ’ ਐਲਾਨੇ ਜਾਣ ਤੋਂ ਬਾਅਦ ਤਾਲਾ ਲਾ ਦਿੱਤਾ ਗਿਆ ਹੈ। ਬਰਤਾਨਵੀ ਕਾਰਜਕਾਲ ਦੌਰਾਨ 1857 ਵਿੱਚ ਪ੍ਰਾਇਮਰੀ ਸਕੂਲ ਵਜੋਂ ਸਥਾਪਤ ਇਸ ਸਿੱਖਿਆ ਸੰਸਥਾ ਦਾ 169 ਸਾਲਾਂ ਦਾ ਸ਼ਾਨਾਮੱਤਾ ਇਤਿਹਾਸ ਹੈ।
ਗਰੇਵਾਲਾਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਇਤਿਹਾਸਕ ਪਿੰਡ ਗੁੱਜਰਵਾਲ ਦੇ ਸਰਕਾਰੀ ਸਕੂਲ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪੁਰਾਣੀ ਇਮਾਰਤ ਦੇ ਦਰਵਾਜ਼ੇ ਉਪਰ ਲਟਕਦੇ ‘ਤਾਲੇ’ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ਉਪਰ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਰੀਬ 6 ਮਹੀਨੇ ਪਹਿਲਾਂ ਵਿਭਾਗ ਵੱਲੋਂ ਨਿਰੀਖਣ ਬਾਅਦ ਸਕੂਲ ਦੀ ਪੁਰਾਣੀ ਇਮਾਰਤ ਨੂੰ ‘ਅਸੁਰੱਖਿਅਤ’ ਐਲਾਨ ਦਿੱਤਾ ਗਿਆ ਸੀ। ਸਰਕਾਰਾਂ ਦੀ ਬੇਰੁਖ਼ੀ ਕਾਰਨ ਗੁੱਜਰਵਾਲ ਦੇ ਸਕੂਲ ਦੀ ਪ੍ਰਾਚੀਨ ਅਤੇ ਖ਼ੂਬਸੂਰਤ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਵਿਭਾਗ ਵੱਲੋਂ ਪੱਕਾ ਤਾਲਾ ਲਾਏ ਜਾਣ ਬਾਅਦ ਸਕੂਲ ਦੇ ਵਿਦਿਆਰਥੀ ਲੈਬ ਤੇ ਦਫ਼ਤਰੀ ਕੰਮਕਾਰ ਲਈ ਬਣਾਏ ਕਮਰਿਆਂ ’ਚ ਪੜ੍ਹਾਈ ਲਈ ਮਜਬੂਰ ਹਨ। ਸਕੂਲ ਦੇ ਵਿਹੜੇ ਵਿੱਚ ਬਰਤਾਨਵੀ ਕਾਰਜਕਾਲ ਸਮੇਂ ਬਣੇ ਨਕਸ਼ੇ ਵਿੱਚ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਦਿਖਾਇਆ ਗਿਆ ਹੈ। ਪੁਰਾਣੇ ਸਮਿਆਂ ਵਿੱਚ ਦੂਰ-ਦੁਰਾਡੇ ਦੇ ਵਿਦਿਆਰਥੀ ਇਸ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਸਨ, ਪਰ ਉਸੇ ਸਕੂਲ ਵਿੱਚ ਹੁਣ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਘਾਟ ਰੜਕਣ ਲੱਗੀ ਹੈ। ਪਿੰਡ ਵਾਸੀਆਂ ਸਮੇਤ ਪੁਰਾਣੇ ਵਿਦਿਆਰਥੀਆਂ ਵੱਲੋਂ ਕੀਤੀਆਂ ਅਨੇਕਾਂ ਅਪੀਲਾਂ ਦੇ ਬਾਵਜੂਦ ਸਕੂਲ ਉੱਪਰ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ। ਇਸ ਮਾਣਮੱਤੀ ਸਿੱਖਿਆ ਸੰਸਥਾ ਨੇ ਦੇਸ਼ ਨੂੰ ਅਨੇਕਾਂ ਰਾਜਦੂਤ, ਡਾਕਟਰ, ਇੰਜਨੀਅਰ, ਸਿੱਖਿਆ ਸ਼ਾਸਤਰੀ ਅਤੇ ਉੱਚ-ਕੋਟੀ ਦੇ ਵਿਦਵਾਨ ਦਿੱਤੇ ਹਨ।
ਸੇਵਾਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ 1916 ’ਚ ਇਸ ਸਕੂਲ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ 1992-93 ਵਿੱਚ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡਣ ਵਾਲੇ ਪੁਰਾਤਨ ਸਕੂਲ ਦੀ ਇਮਾਰਤ ਨੂੰ ‘ਅਸੁਰੱਖਿਅਤ’ ਐਲਾਨ ਕੇ ਤਾਲਾ ਲਾ ਦਿੱਤਾ ਗਿਆ ਹੈ। ਗੁੱਜਰਵਾਲ ਦੇ ਜਥੇਦਾਰ ਜਗਰੂਪ ਸਿੰਘ, ਕੈਪਟਨ ਗੁਰਦਿਆਲ ਸਿੰਘ, ਜਗਦੇਵ ਸਿੰਘ ਗਰੇਵਾਲ ਅਤੇ ਮਨਜੀਤ ਸਿੰਘ ਨੇ ਸੂਬਾ ਸਰਕਾਰ ਤੋਂ ਇਤਿਹਾਸਕ ਸਕੂਲ ਦੀ ਸਾਰ ਲੈਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਉਪਰ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਸਿੰਘ ਵੀ ਕਦੇ ਕਦਾਈਂ ਹੀ ਸਕੂਲ ਗੇੜਾ ਮਾਰਦੇ ਹਨ। ਇਸ ਸਬੰਧੀ ਸਕੂਲ ਮੁਖੀ ਹਰਮਿੰਦਰ ਸਿੰਘ ਮਨੋਚਾ ਨੂੰ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਨੂੰ ਵੀ ਕਈ ਵਾਰ ਫ਼ੋਨ ਕਰਨ ਅਤੇ ਸੁਨੇਹੇ ਭੇਜਣ ਦੇ ਬਾਵਜੂਦ ਉਨ੍ਹਾਂ ਵੀ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ।
ਕੈਪਸ਼ਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਦੀ ਪੁਰਾਣੀ ਇਮਾਰਤ ਦੇ ਗੇਟ ਨੂੰ ਲੱਗਾ ਹੋਇਆ ਤਾਲਾ।\B\\B\B