ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤਕਨੀਕੀ ਵਿਗਿਆਨਕ ਸ਼ਬਦਾਵਲੀ ਆਯੋਗ ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀ ਦੀ ਸਿਰਜਣਾ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਕੋਆਰਡੀਨੇਟਰ ਡਾ. ਰਾਜਵਿੰਦਰ ਢੀਂਡਸਾ ਮੁਤਾਬਿਕ ਕਾਮਰਸ ਦੇ ਵਿਸ਼ਿਆਂ ਨਾਲ ਸੰਬੰਧਤ ਤਕਨੀਕੀ ਪੰਜਾਬੀ ਸ਼ਬਦਾਵਲੀ ਦਾ ਨਿਰਮਾਣ ਕਰਨਾ ਪੰਜ ਰੋਜ਼ਾ ਵਰਕਸ਼ਾਪ ਦਾ ਮੁੱਖ ਉਦੇਸ਼ ਰਿਹਾ।
ਵਿਦਾਇਗੀ ਸਮਾਰੋਹ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਤਿੰਨ ਪੀੜ੍ਹੀਆਂ ਦੇ ਵਿਦਵਾਨਾਂ ਵੱਲੋਂ ਯੋਗਦਾਨ ਪਾਇਆ ਗਿਆ।
ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਤੇ ਹੋਰਨਾਂ ਵਿਦਵਾਨਾਂ ਨੂੰ ਉਨ੍ਹਾਂ ਭਾਸ਼ਾਈ ਸੱਭਿਆਚਾਰ ਦਾ ਸਰਮਾਇਆ ਦੱਸਦਿਆਂ ਸਨਮਾਨ ਦਿੱਤਾ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਸਿੰਘ ਨੇ ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਮਾਧਿਅਮ ਵਜੋਂ ਸ਼ੁਰੂ ਕਰਨ ਲਈ ਨਿੱਠ ਕੇ ਕਾਰਜ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦ ਬਣਾਉਣ ਦੇ ਨਾਲ-ਨਾਲ ਸਾਨੂੰ ਵੱਖੋ-ਵੱਖ ਕਿੱਤਿਆਂ ਨਾਲ ਜੁੜੇ ਮਾਹਿਰਾਂ ਨਾਲ ਗੱਲਬਾਤ ਕਰਕੇ ਸ਼ਬਦਾਂ ਦੀ ਘਾੜਤ ਵੀ ਕਰਨੀ ਚਾਹੀਦੀ ਹੈ। ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਤਹਿਤ ਬਹੁਤ ਸਾਰੇ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਆਰੰਭ ਹੋਣ ਜਾ ਰਹੀ ਹੈ, ਜਿਸ ਤਹਿਤ ਕਾਰਜਸ਼ਾਲਾ ਦੌਰਾਨ ਕਾਮਰਸ ਵਿਸ਼ੇ ਨਾਲ ਸਬੰਧਿਤ ਸ਼ਬਦਾਵਲੀ ’ਤੇ ਕੰਮ ਕੀਤਾ ਗਿਆ। ਇਸ ਮੌਕੇ ਡਾ. ਅਨਵਰ ਚਿਰਾਗ, ਡਾ. ਰਾਜਮੋਹਿੰਦਰ ਕੌਰ, ਡਾ. ਜਸਵੀਰ ਕੌਰ, ਡਾ. ਜਤਿੰਦਰ ਸਿੰਘ, ਗੁਨੀਤ ਕੌਰ, ਕ੍ਰਿਤਿਕਾ ਮਿੱਤਲ, ਪਰਦੀਪ ਸਿੰਘ ਅਤੇ ਹਰਪ੍ਰੀਤ ਕੌਰ ਨੇ ਤਜਰਬੇ ਸਾਂਝੇ ਕੀਤੇ।

