ਹਲਕਾ ਧੂਰੀ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਾਂਗਾ: ਅੰਮ੍ਰਿਤ ਬਰਾੜ
ਕਾਂਗਰਸ ਦੇ ਸੂਬਾ ਸਕੱਤਰ ਅਤੇ ਵਿਜੈਇੰਦਰ ਸਿੰਗਲਾ ਦੀ ਟੀਮ ਦੇ ਸਰਗਰਮ ਮੈਂਬਰ ਅੰਮ੍ਰਿਤ ਬਰਾੜ ਕਾਂਝਲਾ ਨੇ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਪੱਕੇ ਦਾਅਵੇਦਾਰੀ ਪੇਸ਼ ਕਰਦੇ ਹੋਏ ਆਪਣੇ ਜੱਦੀ ਪਿੰਡ ਕਾਂਝਲਾ ਤੋਂ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅੱਜ ਅੰਮ੍ਰਿਤ ਬਰਾੜ ਵੱਲੋਂ ਪਿੰਡ ਦੇ ਸਰਪੰਚ ਸਤਿਗੁਰ ਸਿੰਘ ਖਾਲਸਾ ਦੀ ਅਗਵਾਈ ਹੇਠ ਸੈਂਕੜੇ ਹੀ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਕਰਕੇ ਐਲਾਨ ਕੀਤਾ ਗਿਆ ਕਿ ਉਹ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਹਲਕਾ ਧੂਰੀ ਤੋਂ ਟਿਕਟ ਪ੍ਰਾਪਤ ਕਰਕੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਲਈ ਉਨ੍ਹਾਂ ਵੱਲੋਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਸਮੇਂ ਸਮੇਂ ਸਿਰ ਕਾਂਗਰਸ ਪਾਰਟੀ ਦੀਆਂ ਹਦਾਇਤਾਂ ’ਤੇ ਇੱਕ ਨਿਮਾਣੇ ਵਰਕਰ ਵਜੋਂ ਕੰਮ ਕੀਤਾ ਜਾ ਚੁੱਕਿਆ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ਆਪਣੇ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਸੇਬ ਸੈਂਭੀ ਮੈਬਰ ਜ਼ਿਲ੍ਹਾ ਪਰਿਸ਼ਦ, ਸਰਪੰਚ ਸਤਿਗੁਰ ਸਿੰਘ ਕਾਂਝਲਾ, ਸੁਖਵਿੰਦਰ ਸਿੰਘ ਪ੍ਰਧਾਨ ਕਾਂਗਰਸ ਕਿਸਾਨ ਵਿੰਗ, ਜਥੇਦਾਰ ਹਰਪਾਲ ਸਿੰਘ, ਦੀਦਾਰ ਸਿੰਘ ਬਲਾਕ ਸਮਿਤੀ ਮੈਂਬਰ ਤੇ ਪੰਚ ਬਿੱਕਰ ਸਿੰਘ ਆਦਿ ਹਾਜ਼ਰ ਸਨ।