ਚੀਨੀ ਵਾਇਰਸ ਕਾਰਨ ਨੁਕਸਾਨੇ ਝੋਨੇ ਦਾ ਮੁਆਵਜ਼ਾ ਦੇਵਾਂਗੇ: ਬਲਬੀਰ ਸਿੰਘ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਚੀਨੀ ਵਾਇਰਸ (ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ), ਹਲਦੀ ਰੋਗ (ਝੂਠੀ ਕਾਂਗਿਆਰੀ) ਅਤੇ ਹੜ੍ਹ ਕਾਰਨ ਖ਼ਰਾਬ ਹੋਈ ਝੋਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫ਼ਸਲ ਵਿਸ਼ੇਸ਼ ਗਿਰਦਾਵਰੀ ਹੋਣ ਤੱਕ ਨਾ ਵਹਾਉਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦ ਹੀ ਵਿਸ਼ੇਸ਼ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਨੂੰ ਹਰੀ ਝੰਡੀ ਦਿੱਤੀ ਹੈ, ਕਿਉਂਕਿ ਕਿਸਾਨਾਂ ਨੇ ਆਪਣੀਆਂ ਫ਼ਸਲਾਂ ’ਤੇ ਵੱਡਾ ਖ਼ਰਚ ਕੀਤਾ ਸੀ ਪਰ ਪੱਕਣ ਸਮੇਂ ਇਸ ਵਾਇਰਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਲਗਾਤਾਰ ਦੂਜੇ ਦਿਨ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਇੱਛੇਵਾਲ, ਰੋਹਟੀ ਬਸਤਾ, ਰੋਹਟੀ ਮੋੜਾਂ, ਰੋਹਟਾ, ਲੁਬਾਣਾ ਕਰਮੂ, ਕੈਦੂਪੁਰ ਅਤੇ ਧੰਗੇੜਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਹੜ੍ਹ ਦੀ ਮਾਰ ਅਤੇ ਹੁਣ ਝੋਨੇ ਦੇ ਵਾਇਰਸ ਕਾਰਨ ਪੰਜਾਬੀ ਦੋਹਰੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਹੜੀਆਂ ਕਿਸਮਾਂ, ਪੀ.ਆਰ. 131, ਪੀ.ਆਰ. 132 ਅਤੇ ਪੀ.ਆਰ. 114 ਜਾਂ 25 ਜੂਨ ਤੋਂ ਪਹਿਲਾਂ ਲਗਾਈਆਂ ਗਈਆਂ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਬੂਟਿਆਂ ਦਾ ਵਾਧਾ ਨਾ ਹੋਣ ਅਤੇ ਦਾਣੇ ਨਾ ਬਣਨ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਭਾਰੀ ਬਰਸਾਤ ਅਤੇ ਪਾਣੀ ਖੜ੍ਹਾ ਹੋਣ ਕਾਰਨ ਨਾ ਸਿਰਫ਼ ਹੜ੍ਹ ਆਇਆ, ਸਗੋਂ ਇਸ ਨਾਲ ਵਾਇਰਸ ਦਾ ਫੈਲਾਅ ਵੀ ਤੇਜ਼ ਹੋ ਗਿਆ ਜਿਸ ਨਾਲ ਕਿਸਾਨਾਂ ਦੀ ਮੁਸ਼ਕਲ ਹੋਰ ਵਧ ਗਈ। ਖੇਤੀਬਾੜੀ ਮਾਹਰਾਂ ਨੇ ਕਿਸਾਨਾਂ ਨੂੰ ਖੇਤ ’ਚੋਂ ਵਾਧੂ ਪਾਣੀ ਕੱਢਣ, ਜ਼ਿੰਕ ਪਾਉਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ’ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਣ ਦੀ ਸਲਾਹ ਦਿੱਤੀ। ਹਲਦੀ ਰੋਗ ਤੋਂ ਬਚਾਅ ਲਈ ਉਨ੍ਹਾਂ ਨੇ ਪ੍ਰਤੀ ਏਕੜ 500 ਗ੍ਰਾਮ ਕੋਸਾਈਡ 2000 ਦਾ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ।
ਇਸ ਦੌਰਾਨ ਖੇਤੀ ਅਫ਼ਸਰ ਅਵਨਿੰਦਰ ਸਿੰਘ ਮਾਨ, ਕੇ.ਵੀ.ਕੇ. ਅਸਿਸਟੈਂਟ ਡਾਇਰੈਕਟਰ ਹਰਦੀਪ ਸਿੰਘ, ਖੇਤੀ ਵਿਕਾਸ ਅਧਿਕਾਰੀ ਜੁਪਿੰਦਰ ਸਿੰਘ ਗਿੱਲ ਦੇ ਨਾਲ ਸੁਰੇਸ਼ ਰਾਏ, ਸਰਪੰਚ ਸੰਜੀਵ ਰਾਏ, ਚਮਕੌਰ ਸਿੰਘ ਇੱਛਵਾਲ, ਜਸਵੀਰ ਸਿੰਘ ਛੰਨਾ, ਗੋਗੀ ਅਜਨੌਦਾ, ਜਗਦੀਪ ਧੰਗੇੜਾ, ਧਰਵਿੰਦਰ ਰੋਹਟਾ ਤੇ ਬਚਿੱਤਰ ਲੁਬਾਣਾ ਸਮੇਤ ਪਿੰਡਾਂ ਦੇ ਕਿਸਾਨਾਂ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।