ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮਿਹਨਤ ਕਰਾਂਗੇ: ਹਰਪ੍ਰੀਤ ਸਿੰਘ
ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੀ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ 2027 ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਦਲ ਦੀ ਹੋਵੇ। ਨਵ-ਨਿਯੁਕਤ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਟਕਸਾਲੀ ਪਰਿਵਾਰਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਦੁਖੀ ਹੋ ਕਿ ਨਾਰਾਜ਼ਗੀ ਕਾਰਨ ਪਾਰਟੀ ਤੋਂ ਦੂਰੀ ਬਣਾਈ ਸੀ, ਉਹ ਹੁਣ ਬੇਝਿਜਕ ਹੋ ਕੇ ਅਕਾਲੀ ਦਲ ਵਿੱਚ ਮੁੜ ਸਰਗਰਮ ਹੋਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ, ਸਗੋਂ ਸਮੁੱਚੇ ਪੰਥ ਦੀ ਸਾਂਝੀ ਵਿਰਾਸਤ ਹੈ, ਜਿੱਥੇ ਹਰ ਵਰਕਰ ਅਤੇ ਆਗੂ ਦਾ ਸਤਿਕਾਰ ਹੋਵੇਗਾ। ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਆਪਣੀ ਪਹਿਲੀ ਮੁਲਾਕਾਤ ਵਿੱਚ ਗਿਆਨੀ ਹਰਪ੍ਰੀਤ ਸਿੰਘ ਪਟਿਆਲਾ ਦੇ ਪਿੰਡ ਕੌਲੀ ਵਿੱਚ ਸਾਬਕਾ ਐੱਸਐੱਸ ਬੋਰਡ ਪੰਜਾਬ ਚੇਅਰਮੈਨ ਅਤੇ ਪਾਰਟੀ ਡੈਲੀਗੇਟ ਮੈਂਬਰ ਤੇਜਿੰਦਰਪਾਲ ਸਿੰਘ ਸੰਧੂ ਦੇ ਘਰ ਪਹੁੰਚੇ ਸਨ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਰਣਧੀਰ ਸਿੰਘ ਰੱਖੜਾ, ਬੀਬੀ ਅਨੂਪਿੰਦਰ ਕੌਰ ਸੰਧੂ ਅਤੇ ਸਰਤਾਜ ਸਿੰਘ ਸੰਧੂ ਵੀ ਮੌਜੂਦ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮਾੜੇ ਵਤੀਰੇ ਕਾਰਨ ਬਹੁਤੇ ਟਕਸਾਲੀ ਪਰਿਵਾਰ ਪਾਰਟੀ ਤੋਂ ਦੂਰ ਹੋ ਗਏ ਸਨ। ਉਨ੍ਹਾਂ ਅਪੀਲ ਕੀਤੀ ਕਿ ਇਹ ਪਰਿਵਾਰ ਮੁੜ ਸਰਗਰਮ ਹੋਣ, ਕਿਉਂਕਿ ਇਹੀ ਰਾਹ ਪੰਥ ਅਤੇ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਬ-ਸਾਂਝੀ ਪਾਰਟੀ ਹੈ, ਜਿੱਥੇ ਕਿਸੇ ਵੀ ਆਗੂ ਜਾਂ ਟਕਸਾਲੀ ਪਰਿਵਾਰ ਨੂੰ ਅਣਗੌਲ਼ਿਆ ਨਹੀਂ ਜਾਵੇਗਾ। ਇਸ ਦੌਰਾਨ ਸੰਧੂ ਪਰਿਵਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ।