DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਾਂਗੇ: ਬਲਬੀਰ ਸਿੰਘ

ਮੰਤਰੀ ਵੱਲੋਂ ਸਿਵਲ ਹਸਪਤਾਲਾਂ ਦਾ ਦੌਰਾ; ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ
  • fb
  • twitter
  • whatsapp
  • whatsapp
featured-img featured-img
ਦੂਧਨਸਾਧਾਂ ਵਿੱਚ ਮੈਡੀਕਲ ਕਿੱਟਾਂ ਵੰਡਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ।
Advertisement

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਬ-ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਮਿਨੀ ਪ੍ਰਾਇਮਰੀ ਹੈਲਥ ਸੈਂਟਰ ਪਾਤੜਾਂ, ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ, ਬਾਦਸ਼ਾਹਪੁਰ ਅਤੇ ਸਮਾਣਾ ਸਥਿਤ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।‌ ਪਾਤੜਾਂ ਵਿੱਚ ਸਿਹਤ ਸਹੂਲਤਾਂ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਗਠਿਤ ਕੀਤੀ ਗਈ ਸਿਹਤ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਸਮਾਜ ਸੇਵੀ ਆਗੂ ਜਤਿਨ ਬੱਤਰਾ, ਤਰਸੇਮ ਖਾਸਪੁਰੀ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਮੰਗ ਪੱਤਰ ਸੌਂਪਿਆ ਗਿਆ। ਸਿਹਤ ਮੰਤਰੀ ਨੇ ਤੁਰੰਤ ਸਿਹਤ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਹਸਪਤਾਲ ਅਤੇ ਇਲਾਕੇ ਵਿੱਚ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦਾ ਭਰੋਸਾ ਦੇਣ ਦੇ ਨਾਲ ਨਾਲ ਮਾਹਰ ਡਾਕਟਰਾਂ ਦੀ ਕਮੀ ਪੂਰੀ ਕਰਨ ਦਾ ਭਰੋਸਾ ਦਿੱਤਾ। ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਨੂੰ ਮੈਡੀਸਨ ਕਿੱਟਾਂ ਦਿੱਤੀਆਂ ਤਾਂ ਹੜ੍ਹਾਂ ਦੀ ਸਥਿਤੀ ਦੌਰਾਨ ਪਿੰਡ ਦੇ ਲੋਕਾਂ ਨੂੰ ਘਰੋਂ ਘਰ ਜਾ ਕਿੱਟਾਂ ਦੇਣ ਅਤੇ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਸਿਹਤ ਸਹੂਲਤਾਂ ਚਲਾਉਣ ਦੀ ਯੋਜਨਾ ’ਤੇ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਤੜਾਂ ਅਤੇ ਸਮਾਣਾ ਵਰਗੇ ਖੇਤਰੀ ਹਸਪਤਾਲਾਂ ਨੂੰ ਵੀ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਇਲਾਜ ਮਿਲ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨੇ ਆਪਣੇ ਕੰਮ ਦੇ ਜ਼ਰੀਏ ਸੇਵਾ ਭਾਵਨਾ ਦਾ ਝੰਡਾ ਲਹਿਰਾਇਆ ਹੈ। ਇਸ ਮੌਕੇ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਐੱਸ ਡੀ ਐੱਮ ਪਾਤੜਾਂ ਅਸ਼ੋਕ ਕੁਮਾਰ, ਐੱਸ ਡੀ ਐੱਮ ਸਮਾਣਾ ਰਿਚਾ ਗੋਇਲ, ਸਿਵਲ ਸਰਜਨ ਜਗਪਾਲ ਇੰਦਰ ਸਿੰਘ, ਐੱਸ ਐੱਮ ਓ ਪਾਤੜਾਂ ਡਾ. ਸਤੀਸ਼ ਕੁਮਾਰ, ਸ਼ੁਤਰਾਣਾ ਦੇ ਐੱਸ ਐੱਮ ਓ ਐੱਸਐੱਸ ਬਰਾੜ ਮਾਰਕੀਟ ਕਮੇਟੀ ਪਾਥੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸੁਰਜੀਤ ਸਿੰਘ ਫੌਜੀ ਮੌਜੂਦ ਸਨ।

Advertisement

ਹੜ੍ਹ ਦੀ ਮਾਰ ਹੇਠਲੇ ਖੇਤਰਾਂ ’ਚ ਮੈਡੀਕਲ ਕਿੱਟਾਂ ਵੰਡੀਆਂ

ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ/ਮੁਖਤਿਆਰ ਸਿੰਘ ਨੌਗਾਵਾਂ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਬਹਿਲ, ਮਹਿਮੂਦਪੁਰ, ਜੁਲਾਹਖੇੜੀ ਅਤੇ ਦੂਧਨਸਾਧਾਂ ਵਿੱਚ ਆਸ਼ਾ ਵਰਕਰਾਂ ਨੂੰ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਮਾਂ ਬਣਾ ਕੇ ਮੁਹਿੰਮ ਚਲਾਉਣ ਲਈ ਕਿਹਾ। ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਨੂੰ ਫੂਡ ਅਤੇ ਦਵਾਈਆਂ ਦੀਆਂ ਕਿੱਟਾਂ ਵੀ ਵੰਡੀਆਂ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦੀ ਰੋਕਥਾਮ ਸਰਕਾਰ ਦੀ ਪਹਿਲੀ ਤਰਜੀਹ ਹੈ। ਸਿਹਤ ਮੰਤਰੀ ਨੇ ਡਿਸਪੈਂਸਰੀ ਵਿਚ ਆਏ ਮਰੀਜ਼ਾਂ ਨੂੰ ਖੁਦ ਦਵਾਈਆਂ ਵੰਡੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਸਮੇਤ ਮੱਛਰਾਂ ਦੇ ਕੱਟਣ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਦੇ ਡੱਸਣ, ਕੁੱਤੇ ਅਤੇ ਬਾਂਦਰ ਦੇ ਕੱਟਣ ਆਦਿ ਵਰਗੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ 104 ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਜਾਵੇ। ਸਿਹਤ ਮੰਤਰੀ ਨੇ ਦੂਧਨਸਾਧਾਂ ਦੇ ਸਿਹਤ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਵਾਰਡਾਂ ’ਚ ਜਾ ਕੇ ਮਰੀਜ਼ਾਂ ਦਾ ਹਾਲ ਪੁੱਛਿਆ ਅਤੇ ਪਿੰਡ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਵੀ ਸੁਣਿਆ। ਅਧਿਕਾਰੀਆਂ ਨੂੰ ਤੁਰੰਤ ਸਮੱਸਿਆਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਹੜ੍ਹਾਂ ਦੌਰਾਨ ਜਿਨ੍ਹਾਂ ਘਰਾਂ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਹਨ, ਉਨ੍ਹਾਂ ਦੀ ਮਦਦ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਐਸ ਡੀ ਐਮ ਕਿਰਪਾਲ ਵੀਰ ਸਿੰਘ, ਐਸ ਡੀ ਐਮ ਹਰਜੋਤ ਕੌਰ, ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।

Advertisement
×