ਮਨਸਾ ਦੇਵੀ ਮੰਦਰ ਵਾਂਗ ਕਾਲੀ ਮਾਤਾ ਮੰਦਰ ਨੂੰ ਵਿਕਸਤ ਕਰਾਂਗੇ: ਗੁਪਤਾ
ਪਟਿਆਲਾ ਸਥਿਤ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਰ ਨੂੰ ਸ੍ਰੀ ਮਨਸਾ ਦੇਵੀ ਅਤੇ ਵੈਸ਼ਨੂ ਦੇਵੀ ਮੰਦਰ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਇਹ ਐਲਾਨ ਅੱਜ ਇੱਥੇ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਾਜਿੰਦਰ ਗੁਪਤਾ ਨੇ ਕੀਤਾ। ਉਹ ਸ੍ਰੀ...
ਪਟਿਆਲਾ ਸਥਿਤ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਰ ਨੂੰ ਸ੍ਰੀ ਮਨਸਾ ਦੇਵੀ ਅਤੇ ਵੈਸ਼ਨੂ ਦੇਵੀ ਮੰਦਰ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਇਹ ਐਲਾਨ ਅੱਜ ਇੱਥੇ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਾਜਿੰਦਰ ਗੁਪਤਾ ਨੇ ਕੀਤਾ। ਉਹ ਸ੍ਰੀ ਕਾਲੀ ਦੇਵੀ ਮੰਦਰ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਵੀ ਹਨ। ਅੱਜ ਅੱਸੂ ਦੇ 7ਵੇਂ ਨਰਾਤੇ ਮੌਕੇ ਮੇਅਰ ਕੁੰਦਨ ਗੋਗੀਆ, ਕਮੇਟੀ ਮੈਂਬਰਾਂ ਸੀ.ਏ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਅਤੇ ਏ.ਡੀ.ਸੀ. ਸਿਮਰਪ੍ਰੀਤ ਕੌਰ ਨਾਲ ਸ੍ਰੀ ਕਾਲੀ ਦੇਵੀ ਮੰਦਰ ਵਿੱਚ ਨਤਮਸਤਕ ਹੋਣ ਮੌਕੇ ਰਾਜਿੰਦਰ ਗੁਪਤਾ ਨੇ ਕਿਹਾ ਕਿ ਭਾਵੇਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਅਤੇ ਅਤੇ ਮੇਅਰ ਕੁੰਦਨ ਗੋਗੀਆ ਦੀ ਦੇਖ-ਰੇਖ ਹੇਠਾਂ ਸ਼ਰਧਾਲੂਆਂ ਲਈ ਵਧੀਆ ਪ੍ਰਬੰਧ ਹਨ ਪਰ ਇੱਕ ਸਾਲ ਦੇ ਅੰਦਰ ਇਥੇ ਵੱਡੇ ਸੁਧਾਰ ਤੇ ਤਬਦੀਲੀਆਂ ਨਜ਼ਰ ਆਉਣਗੀਆਂ। ਸ੍ਰੀ ਗੁਪਤਾ ਨੇ ਹੋਰ ਦੱਸਿਆ ਕਿ ਮੰਦਰ ਦੇ ਚੜ੍ਹਾਵੇ ਨਾਲ ਮੈਡੀਕਲ, ਵਿੱਦਿਆ ਤੇ ਹੋਰ ਲੋਕ ਭਲਾਈ ਦੇ ਕਾਰਜ ਕੀਤੇ ਜਾਣਗੇ ਤੇ ਇਹ ਮੰਦਰ ਉਤਰੀ ਭਾਰਤ ਦੇ ਪਵਿੱਤਰ ਤੇ ਇਤਿਹਾਸਕ ਮੰਦਰਾਂ ਵਿੱਚੋਂ ਇੱਕ ਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਸੇ ਤੇ ਸ਼ਾਹੀ ਸਰਪ੍ਰਸਤੀ ਦਾ ਵੀ ਪ੍ਰਤੀਕ ਹੈ। 30 ਸਾਲਾਂ ਤੋਂ ਮੰਦਰ ਦੇ ਸੁੱਕੇ ਪਏ ਸਰੋਵਰ ਨੂੰ ਸੁਰਜੀਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ। ਸ਼ਰਧਾਲੂਆਂ ਦੇ ਠਹਿਰਾਅ ਲਈ ਨਵੀਂ ਬਿਲਡਿੰਗ ਖੋਲ੍ਹ ਕੇ ਲਿਫ਼ਟ ਵੀ ਚਾਲੂ ਕਰ ਦਿੱਤੀ ਗਈ ਹੈ। ਧਰਮਸ਼ਾਲਾ ਵਿੱਚ ਰੁਕਣ ਵਾਲੇ ਸ਼ਰਧਾਲੂਆਂ ਲਈ ਕੰਟੀਨ ਵੀ ਚਲਾਈ ਜਾਵੇਗੀ। ਸੀਵਰੇਜ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਮੰਦਰ ਨੇੜੇ ਸਥਿਤ ਰਾਜਿੰਦਰਾ ਝੀਲ ਦੇ ਮੁਰੰਮਤ ਤੇ ਹੋਰ ਵਿਕਾਸ ਕਾਰਜਾਂ ਲਈ ਦੋ ਕਰੋੜ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਬਹੁਤ ਜਲਦ ਇਸ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ।